ਨਵੀਂ ਦਿੱਲੀ, 20 ਜੁਲਾਈ
ਮੁੱਖ ਅੰਸ਼
- ਨਿੱਜੀ ਏਅਰਲਾਈਨ ਦੇ ਜਹਾਜ਼ ’ਚ ਦੋ ਦਿਨਾਂ ਵਿੱਚ ਤੀਜਾ ਤਕਨੀਕੀ ਨੁਕਸ
ਗੋਅ ਫਸਟ ਏਅਲਰਾਈਨ ਦੀ ਦਿੱਲੀ ਤੋਂ ਗੁਹਾਟੀ ਜਾ ਰਹੀ ਉਡਾਣ ਨੂੰ ਅੱਜ ਹਵਾ ਵਿੱਚ ਜਹਾਜ਼ ਦਾ ਮੂਹਰਲਾ ਸ਼ੀਸ਼ਾ (ਵਿੰਡਸ਼ੀਲਡ) ਤਿੜਕਨ ਮਗਰੋਂ ਜੈਪੁਰ ਵੱਲ ਮੋੜਨਾ ਪੈ ਗਿਆ। ਪਿਛਲੇ ਦੋ ਦਿਨਾਂ ਵਿੱਚ ਗੋਅ ਫਸਟ ਜਹਾਜ਼ ਵਿੱਚ ਤਕਨੀਕੀ ਨੁਕਸ ਪੈਣ ਦੀ ਇਹ ਤੀਜੀ ਘਟਨਾ ਹੈ। ਸ਼ਹਿਰੀ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਵੱਲੋਂ ਤਿੰਨੋਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਪਾਇਲਟਾਂ ਨੇ ਏ329ਨੀਓ ਜਹਾਜ਼ ਦਾ ਮੂਹਰਲਾ ਸ਼ੀਸ਼ਾ ਤਿੜਕਿਆ ਵੇਖਿਆ ਤਾਂ ਪਹਿਲਾਂ ਉਨ੍ਹਾਂ ਦਿੱਲੀ ਵਾਪਸ ਜਾਣ ਦਾ ਮਨ ਬਣਾਇਆ, ਪਰ ਬੁੱਧਵਾਰ ਦੁਪਹਿਰ ਨੂੰ ਪਏ ਭਾਰੀ ਮੀਂਹ ਕਰਕੇ ਉਹ ਅਜਿਹਾ ਨਹੀਂ ਕਰ ਸਕੇ। ਮਗਰੋਂ ਜਹਾਜ਼ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ। ਗੋਅ ਫਸਟ ਦੇ ਤਰਜਮਾਨ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਤਰਜਮਾਨ ਨੇ ਕਿਹਾ, ‘‘ਜਹਾਜ਼ ਦੇ ਪਾਇਲਟ ਤਜਰਬੇਕਾਰ ਤੇ ਯੋਗ ਟੀਆਰਆਈ (ਟਾਈਪ ਰੇਟਿੰਗ ਇੰਸਟ੍ਰਕਟਰ) ਸੀ ਤੇ ਉਨ੍ਹਾਂ ਇਸ ਮਸਲੇ ਨੂੰ ਚੌਕਸੀ ਅਤੇ ਪ੍ਰੋੜਤਾ ਨਾਲ ਨਜਿੱਠਿਆ। ਦਿੱਲੀ ਵਿੱਚ ਖਰਾਬ ਮੌਸਮ ਕਰਕੇ ਇਹਤਿਆਤੀ ਉਪਰਾਲੇ ਵਜੋਂ ਜਹਾਜ਼ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ।’’ ਤਰਜਮਾਨ ਨੇ ਕਿਹਾ ਕਿ ਮੁਸਾਫ਼ਰਾਂ ਨੂੰ ਮਗਰੋਂ ਬਦਲਵੇਂ ਜਹਾਜ਼ ਰਾਹੀਂ ਜੈਪੁਰ ਤੋਂ ਗੁਹਾਟੀ ਲਿਜਾਇਆ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਗੋਅ ਫਸਟ ਦੀਆਂ ਮੁੰਬਈ-ਲੇਹ ਤੇ ਸ੍ਰੀਨਗਰ-ਦਿੱਲੀ ਉਡਾਣਾਂ ਨੂੰ ਇੰਜਨ ਵਿੱਚ ਆਈ ਖਰਾਬੀ ਮਗਰੋਂ ਹੇਠਾਂ ਉਤਾਰਨਾ ਪਿਆ ਸੀ। ਡੀਜੀਸੀਏ ਦੀ ਹਰੀ ਝੰਡੀ ਮਗਰੋਂ ਹੀ ਇਨ੍ਹਾਂ ਦੋਵਾਂ ਜਹਾਜ਼ਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ ਸੀ। -ਪੀਟੀਆਈ
ਦਿੱਲੀ ਵਿੱਚ ਭਾਰੀ ਮੀਂਹ ਕਾਰਨ ਹਵਾਈ ਉਡਾਣਾਂ ਪ੍ਰਭਾਵਿਤ
ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਅੱਜ ਦੁਪਹਿਰ ਸਮੇਂ ਪਏ ਭਾਰੀ ਮੀਂਹ ਕਾਰਨ ਹਵਾਈ ਉਡਾਣਾਂ ਅਸਰਅੰਦਾਜ਼ ਹੋਈਆਂ ਹਨ। ਇੱਥੇ ਦਿੱਲੀ ਹਵਾਈ ਅੱਡੇ ’ਤੇ ਪਹੁੰਚਣ ਵਾਲੀਆਂ ਘੱਟੋ-ਘੱਟ ਸੱਤ ਉਡਾਣਾਂ ਦਾ ਰੂਟ ਬਦਲਿਆ ਗਿਆ, ਜਦੋਂਕਿ 40 ਹੋਰ ਉਡਾਣਾਂ ਵਿੱਚ ਦੇਰੀ ਹੋਈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖ਼ਰਾਬ ਮੌਸਮ ਕਾਰਨ ਅੱਜ ਇੱਥੋਂ ਘੱਟੋ-ਘੱਟ 25 ਹਵਾਈ ਜਹਾਜ਼ਾਂ ਨੇ ਦੇਰੀ ਨਾਲ ਉਡਾਣ ਭਰੀ, ਜਦੋਂਕਿ 15 ਉਡਾਣਾਂ ਇੱਥੇ ਦੇਰੀ ਨਾਲ ਪੁੱਜੀਆਂ। ਹਵਾਈ ਸੇਵਾ ਮੁਹੱਈਆ ਕਰਵਾਉਣ ਵਾਲੀ ਕੰਪਨੀ ਵਿਸਤਾਰਾ ਨੇ ਟਵੀਟ ਕਰ ਕੇ ਦੱਸਿਆ ਕਿ ਕੌਮੀ ਰਾਜਧਾਨੀ ਵਿੱਚ ਭਾਰੀ ਮੀਂਹ ਕਾਰਨ ਉਸ ਦੀਆਂ ਮੁੰਬਈ ਤੋਂ ਦਿੱਲੀ ਲਈ ਦੋ ਉਡਾਣਾਂ ਦਾ ਰੂਟ ਬਦਲਿਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਨੂੰ ਜੈਪੁਰ ਅਤੇ ਦੂਜੀ ਨੂੰ ਇੰਦੌਰ ਭੇਜਿਆ ਗਿਆ। ਸੂਤਰਾਂ ਨੇ ਦੱਸਿਆ ਕਿ ਵਿਸਤਾਰਾ ਦੀਆਂ ਉਪਰੋਕਤ ਦੋ ਉਡਾਣਾਂ ਸਣੇ ਘੱਟੋ-ਘੱਟ ਸੱਤ ਉਡਾਣਾਂ ਦਿੱਲੀ ਹਵਾਈ ਅੱਡੇ ਦੀ ਥਾਂ ਹੋਰ ਸ਼ਹਿਰਾਂ ਵੱਲ ਭੇਜੀਆਂ ਗਈਆਂ। ਇਸ ਮਾਮਲੇ ਸਬੰਧੀ ਪੀਟੀਆਈ ਵੱਲੋਂ ਕੀਤੀ ਅਪੀਲ ਦਾ ਦਿੱਲੀ ਹਵਾਈ ਅੱਡੇ ਦਾ ਕੰਮਕਾਜ ਦੇਖ ਰਹੀ ਕੰਪਨੀ ‘ਡਾਇਲ’ ਨੇ ਕੋਈ ਜਵਾਬ ਨਹੀਂ ਦਿੱਤਾ। -ਪੀਟੀਆਈ