ਪਣਜੀ, 27 ਮਈ
ਇਥੇ ਉੱਤਰੀ ਗੋਆ ਵਿੱਚ ਪੈਸੇ ਦਾ ਲਾਲਚ ਅਤੇ ਸਾਰੀਆਂ ਦੁੱਖ ਤਕਲੀਫ਼ਾਂ ਦੂਰ ਕਰਨ ਦੇ ਵਾਅਦੇ ਨਾਲ ਧਰਮ ਤਬਦੀਲੀ ਲਈ ਵਰਗਲਾਉਣ ਦੇ ਦੋਸ਼ ਵਿੱਚ ਪਾਦਰੀ ਤੇ ਉਸ ਦੀ ਪਤਨੀ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਹੈ। ਪਾਦਰੀ ਡੌਮਨਿਕ ਡਿਸੂਜ਼ਾ ਤੇ ਉਸ ਦੀ ਪਤਨੀ ਜੋਆਨ ਨੂੰ ਦੋ ਵੱਖੋ ਵੱਖਰੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਵੀਰਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮਾਪੁਸਾ ਪੁਲੀਸ ਥਾਣੇ ਦੇ ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤਕਰਤਾਵਾਂ ਨੇ ਪਤੀ-ਪਤਨੀ ’ਤੇ ਧਰਮ ਤਬਦੀਲੀ ਨਾਲ ਜੁੜੀਆਂ ਸਰਗਰਮੀਆਂ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਅਧਿਕਾਰੀ ਨੇ ਕਿਹਾ ਕਿ ਇਹ ਜੋੜਾ ਉੱਤਰੀ ਗੋਆ ਦੇ ਪਿੰਡ ਸਾਲਿਗਾਓਂ ਤੋਂ ਆਪਣੀਆਂ ਸਰਗਰਮੀਆਂ ਚਲਾਉਂਦਾ ਸੀ। ਅਧਿਕਾਰੀ ਨੇ ਕਿਹਾ ਕਿ ਜੋੜੇ ਖਿਲਾਫ਼ ਧਰਮ ਦੇ ਆਧਾਰ ’ਤੇ ਦੋ ਫ਼ਿਰਕਿਆਂ ਦਰਮਿਆਨ ਦੁਸ਼ਮਣੀ ਨੂੰ ਹਵਾ ਦੇਣ, ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਨਸ਼ਿਆਂ ਤੇ ਜਾਦੂ-ਟੂਣੇ ਨਾਲ ਜੁੜੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀ ਮੁਤਾਬਕ ਪੁਲੀਸ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਇਕ ਜੋੜਾ ਪੈਸਿਆਂ ਤੇ ਹੋਰ ਵਾਅਦਿਆਂ ਦੇ ਸਿਰ ’ਤੇ ਲੋਕਾਂ ਨੂੰ ਈਸਾਈ ਧਰਮ ਅਪਣਾਉਣ ਲਈ ਵਰਗਲਾ ਰਿਹਾ ਹੈ। -ਪੀਟੀਆਈ