ਪਣਜੀ, 13 ਫਰਵਰੀ
ਗੋਆ ਵਿਧਾਨ ਸਭਾ ਚੋਣਾਂ ਤੋਂ ਅੱਜ ਇਕ ਦਿਨ ਪਹਿਲਾਂ ਤ੍ਰਿਣਮੂਲ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਇਕ-ਦੂਜੇ ਖ਼ਿਲਾਫ਼ ਸ਼ਿਕਾਇਤ ਦੇ ਦਿੱਤੀ। ਮਾਮਲਾ ਇਕ ਟੀਵੀ ਚੈਨਲ ਉਤੇ ਸਟਿੰਗ ਅਪਰੇਸ਼ਨ ਦਾ ਪ੍ਰਸਾਰਨ ਕਰਨ ਨਾਲ ਜੁੜਿਆ ਹੋਇਆ ਹੈ। ਚੈਨਲ ਨੇ ਇਕ ਵੀਡੀਓ ਚਲਾਈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਟੀਐਮਸੀ ਦੇ ਇਕ ਤੇ ਕਾਂਗਰਸ ਦੇ ਤਿੰਨ ਉਮੀਦਵਾਰਾਂ ਨੇ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਜਿੱਤਣ ਦੀ ਸੂਰਤ ਵਿਚ ਪਾਰਟੀ ਬਦਲਣ ਲਈ ਪੈਸੇ ਲਏ ਹਨ। ‘ਆਪ’ ਦੇ ਪਣਜੀ ਤੋਂ ਉਮੀਦਵਾਰ ਵਾਲਮੀਕਿ ਨਾਇਕ ਨੇ ਕਿਹਾ ਕਿ ਪਾਰਟੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ ਤਾਂ ਕਿ ਇਸ ਵੀਡੀਓ ਬਾਰੇ ਅਥਾਰਿਟੀ ਨੂੰ ਪਤਾ ਲੱਗ ਸਕੇ। ਟੀਐਮਸੀ ਉਮੀਦਵਾਰ ਚਰਚਿਲ ਅਲੇਮਾਓ ਉਤੇ ਵੀ ਪੈਸੇ ਲੈਣ ਦਾ ਦੋਸ਼ ਲਾਇਆ ਗਿਆ ਹੈ ਤੇ ਉਨ੍ਹਾਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਕਲਿੱਪ ਨੂੰ ਸਾਰੇ ਪਲੈਟਫਾਰਮਾਂ ਤੋਂ ਹਟਾਉਣ ਦੀ ਮੰਗ ਕਰਦਿਆਂ ‘ਆਪ’ ਤੇ ਟੀਵੀ ਚੈਨਲ ਵਿਰੁੱਧ ਐਫਆਈਆਰ ਵੀ ਦਰਜ ਕਰਾਈ ਹੈ। ਅਲੇਮਾਓ ਨੇ ਦਾਅਵਾ ਕੀਤਾ ਕਿ ‘ਆਪ’ ਨੇ ‘ਚੁੱਪ ਰਹਿਣ ਦੇ ਸਮੇਂ’ ਜੋ ਕਿ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਹੈ, ਦਾ ਉਲੰਘਣ ਕੀਤਾ ਹੈ। ਜਦਕਿ ਨਾਇਕ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਪ੍ਰਚਾਰ ਵਿਚ ਸ਼ਮੂਲੀਅਤ ਨਹੀਂ ਕੀਤੀ। ਟੀਐਮਸੀ ਦੀ ਰਾਜ ਸਭਾ ਮੈਂਬਰ ਸੁਸ਼ਮਿਤਾ ਦੇਵ ਨੇ ਵੀ ਇਸ ਮਾਮਲੇ ਵਿਚ ਨਾਇਕ ਤੇ ‘ਆਪ’ ਦੀ ਗੋਆ ਸੂਬਾ ਇੰਚਾਰਜ ਆਤਿਸ਼ੀ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। -ਪੀਟੀਆਈ