ਪਣਜੀ, 22 ਜਨਵਰੀ
ਇੱਕ ਸੰਸਥਾ ਦੀ ਰਿਪੋਰਟ ਮੁਤਾਬਕ ਗੋਆ ਵਿੱਚ ਪਿਛਲੇ ਪੰਜ ਸਾਲਾਂ ਵਿੱਚ 24 ਵਿਧਾਇਕਾਂ, ਜੋ 40 ਮੈਂਬਰੀ ਵਿਧਾਨ ਸਭਾ ਦਾ 60 ਫ਼ੀਸਦੀ ਬਣਦੇ ਹਨ, ਨੇ ਦਲ ਬਦਲੀ ਕੀਤੀ ਹੈ। ‘ਦਿ ਐਸੋਸੀਏਸ਼ਨ ਆਫ਼ ਡੈਮੋਕਰੇਟਿਕ ਰਿਫਾਰਮਜ਼’ (ਏਡੀਆਰ) ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਗੋਆ ਨੇ ਇੱਕ ਵੱਖਰਾ ਰਿਕਾਰਡ ਬਣਾਇਆ ਹੈ, ਜਿਸਦੇ ਬਰਾਬਰ ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ ਕੋਈ ਸਮਾਨਾਂਤਰ ਮਿਸਾਲ ਨਹੀਂ ਮਿਲਦੀ। ਗੋਆ ਵਿੱਚ ਵਿਧਾਨ ਸਭਾ ਚੋਣਾਂ 14 ਫਰਵਰੀ ਨੂੰ ਹੋਣੀਆਂ ਹਨ। ਇਸ ਰਿਪੋਰਟ ਮੁਤਾਬਕ ਮੌਜੂਦਾ ਵਿਧਾਨ ਸਭਾ ਦੇ ਪੰਜ ਸਾਲਾ ਕਾਰਜਕਾਲ ਵਿੱਚ 24 ਵਿਧਾਇਕਾਂ ਨੇ ਆਪਣੀਆਂ ਪਾਰਟੀਆਂ ਬਦਲ ਲਈਆਂ ਹਨ, ਜੋ ਸਦਨ ਦੀ ਕੁੱਲ ਗਿਣਤੀ ਦਾ 60 ਫ਼ੀਸਦੀ ਬਣਦੇ ਹਨ। ਭਾਰਤ ਵਿੱਚ ਕਿਤੇ ਵੀ ਅਜਿਹਾ ਨਹੀਂ ਵਾਪਰਿਆ ਹੈ। ਇਹ ਵੋਟਰਾਂ ਵੱਲੋਂ ਦਿੱਤੇ ਗਏ ਫ਼ੈਸਲੇ ਦਾ ਸਪੱਸ਼ਟ ਤੌਰ ’ਤੇ ਅਪਮਾਨ ਹੈ।’ ਇਨ੍ਹਾਂ 24 ਵਿਧਾਇਕਾਂ ਦੀ ਸੂਚੀ ਵਿੱਚ ਵਿਸ਼ਵਜੀਤ ਰਾਣੇ, ਸੁਭਾਸ਼ ਸ਼ਿਰੋਡਕਰ ਅਤੇ ਦਯਾਨੰਦ ਸੋਪਤੇ ਦੇ ਨਾਂ ਸ਼ਾਮਲ ਨਹੀਂ ਹਨ, ਜਿਨ੍ਹਾਂ ਸਾਲ 2017 ਵਿੱਚ ਕਾਂਗਰਸ ਦੇ ਵਿਧਾਇਕਾਂ ਵਜੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਸੱਤਾਧਾਰੀ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਤੋਂ ਪਹਿਲਾਂ ਇਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਸਾਲ 2019 ਵਿੱਚ 10 ਕਾਂਗਰਸੀ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸੇ ਤਰ੍ਹਾਂ ਕਈ ਭਾਜਪਾ ਵਿਧਾਇਕ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ। ਟੀਐੱਮਸੀ ਦੇ ਚੋਣ ਮੈਦਾਨ ’ਚ ਕੁੱਦਣ ਤੇ ‘ਆਪ’ ਦੇ ਧੂੰਆਂਧਾਰ ਪ੍ਰਚਾਰ ਕਾਰਨ ਗੋਆ ਲਈ ਚੋਣ ਜੰਗ ਕਾਫ਼ੀ ਦਿਲਚਸਪ ਬਣ ਗਈ ਹੈ। -ਪੀਟੀਆਈ