ਪਣਜੀ, 30 ਜੁਲਾਈ
ਪੁਲੀਸ ਨੇ ਗੋਆ ਦੇ ਮਨੋਹਰ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਸ਼ਨਿੱਚਰਵਾਰ ਸ਼ਾਮ ਨੂੰ ਫੋਨ ਕਰਕੇ ਬੰਬ ਪਲਾਂਟ ਕੀਤੇ ਜਾਣ ਦਾ ਦਾਅਵਾ ਕਰਨ ਵਾਲੇ ਸ਼ਖਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਿਅਕਤੀ ਦੀ ਪਛਾਣ ਕੁੰਦਨ ਕੁਮਾਰ (22) ਵਜੋਂ ਹੋਈ ਹੈ, ਜੋ ਹਵਾਈ ਅੱਡੇ ’ਤੇ ਹੀ ਕੰਮ ਕਰਦਾ ਹੈ। ਉੱਤਰੀ ਗੋਆ ਜ਼ਿਲ੍ਹੇ ਦੇ ਐੱਸਪੀ ਨਿਧਿਨ ਵਲਸਾਨ ਨੇ ਕਿਹਾ ਕਿ ਪੁਲੀਸ ਕੰਟਰੋਲ ਰੂਮ ਨੂੰ ਸ਼ਨਿੱਚਰਵਾਰ ਸ਼ਾਮੀਂ ਪੌਣੇ ਪੰਜ ਦੇ ਕਰੀਬ ਫੋਨ ਆਇਆ ਸੀ ਕਿ ਹਵਾਈ ਅੱਡੇ ’ਤੇ ਬੰਬ ਪਲਾਂਟ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਫੋਨ ਆਉਣ ਮਗਰੋੋਂ ਮੋਪਾ ਇਲਾਕੇ ਵਿਚਲੇ ਮਨੋਹਰ ਇੰਟਰਨੈਸ਼ਨਲ ਹਵਾਈ ਅੱਡੇ ਤੇ ਵਾਸਕੋ ਵਿਚਲੇ ਡੈਬੋਲਿਮ ਹਵਾਈ ਅੱਡੇ ਨੂੰ ਚੌਕਸ ਕਰ ਦਿੱਤਾ ਗਿਆ ਸੀ, ਹਾਲਾਂਕਿ ਫੋਨ ’ਤੇ ਦਿੱਤੀ ਬੰਬ ਦੀ ਧਮਕੀ ਅਫ਼ਵਾਹ ਨਿਕਲੀ। ਕੁਮਾਰ, ਜੋ ਪਿੱਛੋਂ ਬਿਹਾਰ ਦਾ ਰਹਿਣਾ ਵਾਲਾ ਹੈ, ਨੇ ਪੁੱਛ-ਪੜਤਾਲ ਦੌਰਾਨ ਮੰਨਿਆ ਕਿ ਫੋਨ ਉਸੇ ਨੇ ਕੀਤਾ ਸੀ, ਪਰ ਉਦੋਂ ਉਹ ਨਸ਼ੇ ਦੀ ਹਾਲਤ ਵਿਚ ਸੀ। ਪੁਲੀਸ ਨੇ ਕੁਮਾਰ ਖਿਲਾਫ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। -ਪੀਟੀਆਈ