ਪਣਜੀ, 9 ਸਤੰਬਰ
ਗੋਆ ਦੇ ਅੰਜੁਨਾ ਬੀਚ ’ਤੇ ਬਣੇ ਕਰਲੀਜ਼ ਰੈਸਤਰਾਂ ਦੇ ਕੁਝ ਹਿੱਸਿਆਂ ਨੂੰ ਢਾਹੁਣ ਦਾ ਕੰਮ ਸ਼ੁੱਕਰਵਾਰ ਦੁਪਹਿਰ ਬਾਅਦ ਮੁੜ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਹੁਕਮਾਂ ਕਾਰਨ ਉਸਾਰੀ ਢਾਹੁਣ ਦੇ ਕੰਮ ਨੂੰ ਰੋਕ ਦਿੱਤਾ ਗਿਆ ਸੀ। ਇਹ ਰੈਸਤਰਾਂ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਪਿਛਲੇ ਮਹੀਨੇ ਹੋਈ ਮੌਤ ਮਗਰੋਂ ਸੁਰਖੀਆਂ ’ਚ ਆਇਆ ਸੀ।
ਗੋਆ ਕੋਸਟਲ ਜ਼ੋਨ ਮੈਨੇਜਮੈਂਟ ਅਥਾਰਿਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਰੋਕ ਲਾਏ ਜਾਣ ਮਗਰੋਂ ਕੁਝ ਘੰਟਿਆਂ ਲਈ ਉਸਾਰੀ ਢਾਹੁਣ ਦਾ ਕੰਮ ਰੋਕ ਦਿੱਤਾ ਗਿਆ ਸੀ ਪਰ ਇਹ ਹੁਕਮ ਸਿਰਫ਼ ਇਕ ਖਾਸ ਸਰਵੇ ਨੰਬਰ ਤੱਕ ਸੀਮਤ ਸੀ। ਅਥਾਰਿਟੀ ਨੇ 2016 ’ਚ ਰੈਸਤਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਸਨ ਅਤੇ ਕਿਹਾ ਸੀ ਕਿ ਉਸ ਦੇ ਕੁਝ ਹਿੱਸੇ ਕੋਸਟਲ ਰੈਗੂਲੇਸ਼ਨ ਜ਼ੋਨ ਦੇ ਨੇਮਾਂ ਦੀ ਉਲੰਘਣਾ ਕਰਕੇ ਬਣਾਏ ਗਏ ਹਨ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਉਸ ਖਾਸ ਥਾਂ ਦਾ ਸਰਵੇਖਣ ਕੀਤਾ ਅਤੇ ਉਸ ਨੂੰ ਉਸਾਰੀ ਢਾਹੁਣ ਦੀ ਮੁਹਿੰਮ ’ਚੋਂ ਬਾਹਰ ਕਰ ਦਿੱਤਾ ਤੇ ਹੁਣ ਨੇਮਾਂ ਦੀ ਉਲੰਘਣਾ ਕਰਕੇ ਬਣਾਏ ਗਏ ਬਾਕੀ ਹਿੱਸਿਆਂ ਨੂੰ ਢਾਹਿਆ ਜਾ ਰਿਹਾ ਹੈ। ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਦੀ ਅਗਵਾਈ ਹੇਠਲੇ ਬੈਂਚ ਨੇ ਆਪਣੇ ਹੁਕਮਾਂ ’ਚ ਸਪੱਸ਼ਟ ਕੀਤਾ ਕਿ ਖਾਸ ਸਰਵੇ ਨੰਬਰ ਨੂੰ ਛੱਡ ਕੇ ਬਾਕੀ ਜ਼ਮੀਨ ’ਤੇ ਬਣਾਈ ਗਈ ਗ਼ੈਰਕਾਨੂੰਨੀ ਉਸਾਰੀ ਨੂੰ ਢਾਹਿਆ ਜਾ ਸਕਦਾ ਹੈ। ਬੈਂਚ ਨੇ ਰੈਸਤਰਾਂ ਦੇ ਮਾਲਕ ਨੂੰ ਹਾਲ ਦੀ ਘੜੀ ਵਪਾਰਕ ਗਤੀਵਿਧੀਆਂ ਰੋਕਣ ਲਈ ਵੀ ਕਿਹਾ ਹੈ। ਕਰਲੀਜ਼ ਰੈਸਤਰਾਂ ਦੀ ਸਹਿ-ਮਾਲਕ ਲਿਨੇਟ ਨਨਜ਼ ਦੇ ਵਕੀਲ ਗਜਾਨਨ ਕੋਰਗਾਓਂਕਰ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਅਗਲੀ ਸੁਣਵਾਈ ਤੱਕ ਵਪਾਰਕ ਗਤੀਵਿਧੀਆਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੋਨਾਲੀ ਫੋਗਾਟ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਦੇ ਮਾਮਲੇ ’ਚ ਰੈਸਤਰਾਂ ਦੇ ਮਾਲਕ ਐਡਵਿਨ ਨਨਜ਼ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਂਜ ਉਸ ਨੂੰ ਬਾਅਦ ’ਚ ਜ਼ਮਾਨਤ ਮਿਲ ਗਈ ਸੀ। -ਪੀਟੀਆਈ