ਕਾਨਪੁਰ (ਯੂਪੀ), 27 ਜੁਲਾਈ
ਇਕ ਅਜੀਬ ਤਰ੍ਹਾਂ ਦੀ ਘਟਨਾ ਵਿੱਚ ਕਾਨਪੁਰ ਪੁਲੀਸ ਨੇ ਇੱਥੇ ਬੀਕੋਨਗੰਜ ਖੇਤਰ ਵਿੱਚ ਬਿਨਾਂ ਮਾਸਕ ਤੋਂ ਘੁੰਮ ਰਹੀ ਇਕ ਬੱਕਰੀ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ ਹਫ਼ਤੇ ਦੇ ਅਖ਼ੀਰ ਵਿੱਚ ਵਾਪਰੀ ਅਤੇ ਬੀਕੋਨਗੰਜ ਪੁਲੀਸ ਨੇ ਬੱਕਰੀ ਨੂੰ ਕਾਬੂ ਕਰ ਲਿਆ ਅਤੇ ਜੀਪ ਵਿੱਚ ਪਾ ਕੇ ਪੁਲੀਸ ਥਾਣੇ ਲੈ ਗਈ। ਬੱਕਰੀ ਦੇ ਮਾਲਕ ਨੂੰ ਜਦੋਂ ਪਤਾ ਲੱਗਿਆ ਕਿ ਪੁਲੀਸ ਉਸ ਦੀ ਬੱਕਰੀ ਨੂੰ ਲੈ ਗਈ ਹੈ ਤਾਂ ਉਹ ਥਾਣੇ ਪਹੁੰਚਿਆ। ਉਸ ਨੇ ਪੁਲੀਸ ਮੁਲਾਜ਼ਮਾਂ ਨੂੰ ਅਰਜੋਈ ਕੀਤੀ ਅਤੇ ਅਖ਼ੀਰ ਪੁਲੀਸ ਨੇ ਉਸ ਨੂੰ ਬੱਕਰੀ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਪਰ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਪਸ਼ੂ ਨੂੰ ਸੜਕ ’ਤੇ ਨਾ ਘੁੰਮਣ ਦਿੱਤਾ ਜਾਵੇ। ਅਨਵਰਗੰਜ ਪੁਲੀਸ ਥਾਣੇ ਦੇ ਸਰਕਲ ਅਫ਼ਸਰ ਸੈਫੂਦੀਨ ਬੇਗ ਨੇ ਹਾਲਾਂਕਿ ਕਿਹਾ, ‘‘ਪੁਲੀਸ ਨੂੰ ਬਿਨਾਂ ਮਾਸਕ ਤੋਂ ਘੁੰਮਦਾ ਹੋਇਆ ਇਕ ਨੌਜਵਾਨ ਮਿਲਿਆ ਸੀ ਜਿਸ ਕੋਲ ਬੱਕਰੀ ਸੀ। ਜਦੋਂ ਉਸ ਨੇ ਪੁਲੀਸ ਨੂੰ ਦੇਖਿਆ ਤਾਂ ਉਹ ਬੱਕਰੀ ਨੂੰ ਛੱਡ ਕੇ ਦੌੜ ਗਿਆ, ਇਸ ਵਾਸਤੇ ਪੁਲੀਸ ਮੁਲਾਜ਼ਮ ਬੱਕਰੀ ਨੂੰ ਥਾਣੇ ਲੈ ਆਏ। ਬਾਅਦ ਵਿੱਚ ਉਨ੍ਹਾਂ ਨੇ ਬੱਕਰੀ ਮਾਲਕ ਨੂੰ ਦੇ ਦਿੱਤੀ ਸੀ।’’ ਬੱਕਰੀ ਨੂੰ ਥਾਣੇ ਲੈ ਕੇ ਆਉਣ ਵਾਲੇ ਪੁਲੀਸ ਮੁਲਾਜ਼ਮਾਂ ’ਚੋਂ ਇਕ ਨੇ ਮੰਨਿਆ ਕਿ ਉਨ੍ਹਾਂ ਨੂੰ ਬੱਕਰੀ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਿਨਾਂ ਮਾਸਕ ਤੋਂ ਘੁੰਮਦੀ ਮਿਲੀ ਸੀ, ਇਸ ਵਾਸਤੇ ਉਹ ਬੱਕਰੀ ਨੂੰ ਥਾਣੇ ਲੈ ਆਏ। ਉਸ ਨੇ ਕਿਹਾ ਕਿ ਹੁਣ ਲੋਕ ਆਪਣੇ ਕੁੱਤਿਆਂ ਨੂੰ ਵੀ ਮਾਸਕ ਲਗਾ ਰਹੇ ਹਨ ਤਾਂ ਬੱਕਰੀ ਕਿਉਂ ਨਹੀਂ ਮਾਸਕ ਪਹਿਨ ਸਕਦੀ? ਸੋਸ਼ਲ ਮੀਡੀਆ ’ਤੇ ਮਖ਼ੌਲ ਉੱਡਣ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਨੇ ਬਾਅਦ ਵਿੱਚ ਆਪਣਾ ਪੱਖ ਬਦਲ ਦਿੱਤਾ। -ਆਈਏਐੱਨਐੱਸ