ਪਟਨਾ, 30 ਅਕਤੂਬਰ
ਸਿਆਸੀ ਰਣਨੀਤੀਕਾਰ ਤੇ ਕਾਰਕੁਨ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਭਾਜਪਾ-ਆਰਐੱਸਐੱਸ ਦੀ ਤੁਲਨਾ ਕੌਫੀ ਦੀ ਕੱਪ ਨਾਲ ਕੀਤੀ ਜਿਸ ਵਿਚ ਭਗਵਾਂ ਪਾਰਟੀ ਨੂੰ ਉਨ੍ਹਾਂ ਉੱਪਰ ਦੇ ਹਿੱਸੇ ਵਾਲੀ ਝੱਗ ਤੇ ਸੰਘ ਨੂੰ ਅਸਲੀ ਚੀਜ਼ ਕਰਾਰ ਦਿੱਤਾ। ਕਿਸ਼ੋਰ ਇਸ ਵੇਲੇ ਬਿਹਾਰ ਵਿਚ 3500 ਕਿਲੋਮੀਟਰ ਲੰਮੀ ‘ਪੈਦਲ ਯਾਤਰਾ’ ਕਰ ਰਹੇ ਹਨ। ਕਿਸ਼ੋਰ ਨੇ ਅਫ਼ਸੋਸ ਜਤਾਉਂਦਿਆਂ ਕਿਹਾ, ‘ਮੈਨੂੰ ਇਹ ਮਹਿਸੂਸ ਕਰਨ ਵਿਚ ਕਾਫ਼ੀ ਸਮਾਂ ਲੱਗਾ ਕਿ ਗੋਡਸੇ ਦੀ ਵਿਚਾਰਧਾਰਾ ਨੂੰ ਗਾਂਧੀ ਦੀ ਕਾਂਗਰਸ ਨੂੰ ਸੁਰਜੀਤ ਕਰ ਕੇ ਹੀ ਹਰਾਇਆ ਜਾ ਸਕਦਾ ਹੈ ਤੇ ਇਹ ਬਿਹਤਰ ਹੁੰਦਾ ਜੇਕਰ ਮੈਂ ਨਿਤੀਸ਼ ਕੁਮਾਰ ਤੇ ਜਗਨ ਮੋਹਨ ਰੈੱਡੀ ਜਿਹੇ ਲੋਕਾਂ ਦੀ ਮਦਦ ਕਰਨ ਦੀ ਬਜਾਏ ਉਸ ਪਾਸੇ ਕੰਮ ਕਰਦਾ।’ ਆਈਪੈਕ ਦੇ ਸੰਸਥਾਪਕ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੱਥ ਨੂੰ ਰੋਕਣ ਵਿਚ ਵਿਰੋਧੀ ਧਿਰ ਦੀ ਇਕਜੁੱਟਤਾ ਦੇ ਪ੍ਰਭਾਵੀ ਹੋਣ ਉਤੇ ਸ਼ੱਕ ਜ਼ਾਹਿਰ ਕਰਦੇ ਰਹੇ ਹਨ, ਨੇ ਜ਼ੋਰ ਦਿੱਤਾ ਕਿ ਉਦੋਂ ਤੱਕ ਕੋਈ ਭਾਜਪਾ ਨੂੰ ਨਹੀਂ ਹਰਾ ਸਕਦਾ ਜਦ ਤੱਕ ਉਹ ਇਹ ਨਹੀਂ ਸਮਝਦਾ ਕਿ ਇਹ ਹੈ ਕੀ।’ ਕਿਸ਼ੋਰ ਨੇ ਕੌਫੀ ਦੇ ਕੱਪ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਆਰਐੱਸਐੱਸ ਨੇ ਸਮਾਜਿਕ ਤਾਣਾ-ਬਾਣਾ ਖਰਾਬ ਕਰ ਲਿਆ ਹੈ। ਇਸ ਨੂੰ ਹੁਣ ਸ਼ਾਰਟਕੱਟ ਤਰੀਕੇ ਨਾਲ ਨਹੀਂ ਹਰਾਇਆ ਜਾ ਸਕਦਾ। ਕਿਸ਼ੋਰ ਨੇ ਕਿਹਾ, ‘ਜਦ ਮੈਂ ਜੇਡੀ (ਯੂ) ਦਾ ਕੌਮੀ ਉਪ ਪ੍ਰਧਾਨ ਸੀ ਤਾਂ ਦੇਸ਼ ਵਿਚ ਸੀਏਏ-ਐਨਆਰਸੀ-ਐਨਪੀਆਰ ਵਿਰੁੱਧ ਉਬਾਲ ਸੀ। ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਮੇਰੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੀ ਸੰਸਦ ਵਿਚ ਸੀਏਏ ਦੇ ਹੱਕ ਵਿਚ ਵੋਟ ਪਾਈ ਸੀ। ਉਸ ਵੇਲੇ ਸਾਡੇ ਰਾਸ਼ਟਰੀ ਪ੍ਰਧਾਨ ਨਿਤੀਸ਼ ਕੁਮਾਰ ਸਨ।’ -ਪੀਟੀਆਈ