ਨਵੀਂ ਦਿੱਲੀ, 28 ਸਤੰਬਰ
ਦਿੱਲੀ ਪੁਲੀਸ ਨੇ ‘ਇੰਡੀਅਨ ਆਇਡਲ’ ਦੇ ਸਾਬਕਾ ਪ੍ਰਤੀਯੋਗੀ ਅਤੇ ਤਾਇਕਵਾਂਡੋ ਵਿੱਚ ਕੌਮੀ ਪੱਧਰ ’ਤੇ ਦੋ ਵਾਰ ਦੇ ਸੋਨ ਤਗ਼ਮਾ ਜੇਤੂ ਨੂੰ ਲੁੱਟ-ਖੋਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਉਸ ਦੀ ਪਛਾਣ ਸੂਰਜ (28) ਵਾਸੀ ਗੁਪਤਾ ਐਨਕਲੇਵ, ਵਿਕਾਸ ਨਗਰ, ਉੱਤਮ ਨਗਰ ਦਿੱਲੀ ਵਜੋਂ ਹੋਈ ਹੈ। ਵੱਖ-ਵੱਖ ਥਾਣਿਆਂ ਵਿੱਚ ਉਸ ਖ਼ਿਲਾਫ਼ 30 ਤੋਂ ਵੱਧ ਫੌਜਦਾਰੀ ਮਾਮਲੇ ਦਰਜ ਹਨ। ਉਸ ਨੇ ‘ਇੰਡੀਅਨ ਆਇਡਲ’ ਦੇ ਸੀਜ਼ਨ-4 ਵਿੱਚ ਵੀ ਹਿੱਸਾ ਲਿਆ ਸੀ ਅਤੇ ਉਹ ਚੋਟੀ ਦੇ 50 ਪ੍ਰਤੀਯੋਗੀਆਂ ਵਿੱਚ ਰਿਹਾ ਸੀ। ਪੁਲੀਸ ਟੀਮ ਨੇ 22 ਸਤੰਬਰ ਨੂੰ ਗਸ਼ਤ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਸਕੂਟੀ ’ਤੇ ਆਉਂਦਿਆਂ ਦੇਖਿਆ ਸੀ। ਪੁਲੀਸ ਮੁਲਾਜ਼ਮਾਂ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਇਹ ਸਕੂਟੀ ਚੋਰੀ ਦੀ ਨਿਕਲੀ। ਹੋਰ ਜਾਂਚ ਕਰਨ ’ਤੇ ਉਸ ਕੋਲੋਂ ਇੱਕ ਦੇਸੀ ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਇਆ। ਪੁਲੀਸ ਹਿਰਾਸਤ ’ਚ ਪੁੱਛਗਿੱਛ ਦੌਰਾਨ ਉਸ ਨੇ ਕਈ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲੀ ਹੈ। -ਆਈਏਐੱਨਐੱਸ