ਨਿਊ ਜਲਪਾਇਗੁੜੀ/ਕੋਲਕਾਤਾ, 17 ਜੂਨ
ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਮਾਲ ਗੱਡੀ ਸਿਆਲਦਾਹ ਜਾ ਰਹੀ ਕੰਚਨਜੰਗਾ ਐਕਸਪ੍ਰੈੱਸ ਨਾਲ ਟਕਰਾ ਗਈ। ਮਾਲ ਗੱਡੀ ਨੇ ਖੜ੍ਹੀ ਰੇਲਗੱਡੀ ਨੂੰ ਪਿੱਛਿਓਂ ਟੱਕਰ ਮਾਰੀ ਜਿਸ ਕਰਕੇ ਕੰਚਨਜੰਗਾ ਐਕਸਪ੍ਰੈੱਸ ਦੀਆਂ ਪਿਛਲੀਆਂ ਤਿੰਨ ਬੋਗੀਆਂ ਲੀਹੋਂ ਲੱਥ ਗਈਆਂ। ਹਾਦਸੇ ਵਿਚ ਮਾਲ ਗੱਡੀ ਦੇ ਲੋਕੋ ਪਾਇਲਟ ਤੇ ਸਹਿ-ਪਾਇਲਟ ਅਤੇ ਯਾਤਰੀ ਰੇਲਗੱਡੀ ਦੇ ਗਾਰਡ ਸਣੇ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਤੇ 60 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਸੂਬਾ ਸਰਕਾਰ ਤੇ ਕੇਂਦਰ ਦੀਆਂ ਕਈ ਏਜੰਸੀਆਂ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਜਾਰੀ ਹਨ। ਜ਼ਖ਼ਮੀਆਂ ਨੂੰ ਨੌਰਥ ਬੰਗਾਲ ਮੈਡੀਕਲ ਕਾਲਜ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹਾਦਸੇ ਦੀ ਵਜ੍ਹਾ ਮਾਲ ਗੱਡੀ ਦੇ ਲੋਕੋ ਪਾਇਲਟ ਵੱਲੋਂ ਸਿਗਨਲ ਨੂੰ ਨਜ਼ਰਅੰਦਾਜ਼ ਕਰਨਾ ਹੋ ਸਕਦਾ ਹੈ। ਉਧਰ ਰੇਲਵੇ ਬੋਰਡ ਦੀ ਚੇਅਰਪਰਸਨ ਜਯਾ ਵਰਮਾ ਸਿਨਹਾ ਨੇ ਕਿਹਾ ਕਿ ਰੇਲਵੇ ਦਾ ‘ਕਵਚ’ ਜਾਂ ਰੇਲਗੱਡੀ ਨੂੰ ਟੱਕਰ ਤੋਂ ਬਚਾਉਣ ਵਾਲਾ ਪ੍ਰਬੰਧ ਗੁਹਾਟੀ-ਦਿੱਲੀ ਰੂਟ ’ਤੇ ਮੌਜੂਦ ਨਹੀਂ ਸੀ।
ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁਖ਼ ਦਾ ਇਜ਼ਹਾਰ ਕਰਦਿਆਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕੀਤੀ ਹੈ। ਉਧਰ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮ੍ਰਿਤਕਾਂ ਦੇ ਵਾਰਸਾਂ ਲਈ 10-10 ਲੱਖ, ਗੰਭੀਰ ਜ਼ਖਮੀਆਂ ਲਈ ਢਾਈ-ਢਾਈ ਲੱਖ ਤੇ ਮਾਮੂਲੀ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਧਰ ਰਾਜਪਾਲ ਸੀਵੀ ਆਨੰਦਾ ਬੋਸ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਤੇ ਜ਼ਖ਼ਮੀਆਂ ਨੂੰ ਵੀ ਮਿਲੇ।
ਅਧਿਕਾਰੀ ਨੇ ਕਿਹਾ ਕਿ ਹਾਦਸਾ ਉੱਤਰੀ ਬੰਗਾਲ ਦੇ ਨਿਊ ਜਲਪਾਇਗੁੜੀ ਸਟੇਸ਼ਨ ਤੋਂ 30 ਕਿਲੋਮੀਟਰ ਦੂਰ ਰੰਗਾਪਾਨੀ ਸਟੇਸ਼ਨ ਨੇੜੇ ਵਾਪਰਿਆ। ਮਾਲ ਗੱਡੀ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੰਚਨਜੰਗਾ ਐਕਸਪ੍ਰੈੱਸ ਦੀਆਂ ਮਗਰਲੀਆਂ ਤਿੰਨ ਬੋਗੀਆਂ ਲੀਹੋਂ ਲੱਥ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਰੇਲ ਹਾਦਸੇ ਨੂੰ ਦੁਖਦਾਈ ਦੱਸਦਿਆਂ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ। ਸ੍ਰੀ ਮੋਦੀ ਨੇ ਕਿਹਾ, ‘‘ਮੈਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕਰਦਾ ਹਾਂ। ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਹੈ। ਪੀੜਤਾਂ ਦੀ ਸਹਾਇਤਾ ਲਈ ਰਾਹਤ ਕਾਰਜ ਜਾਰੀ ਹਨ।’’ ਰੇਲਵੇ ਅਧਿਕਾਰੀਆਂ ਵੱਲੋਂ ਮਿਲੀ ਸ਼ੁਰੂਆਤੀ ਜਾਣਕਾਰੀ ਮੁਤਾਬਕ ਕੰਚਨਜੰਗਾ ਐਕਸਪ੍ਰੈੱਸ ਰੇਲ ਪੱਟੜੀ ’ਤੇ ਖੜ੍ਹੀ ਸੀ, ਜਦੋਂ ਮਾਲ ਗੱਡੀ ਪਿੱਛਿਓਂ ਆ ਕੇ ਉਸ ਨਾਲ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਯਾਤਰੀ ਰੇਲਗੱਡੀ ਦੀਆਂ ਦੋ ਪਿਛਲੀਆਂ ਬੋਗੀਆਂ ਲੀਹੋਂ ਲੱਥ ਗਈਆਂ ਜਦੋਂਕਿ ਇਕ ਹੋਰ ਬੋਗੀ ਹਵਾ ਵਿਚ ਲਟਕ ਗਈ ਜਦੋਂਕਿ ਮਾਲ ਗੱਡੀ ਦਾ ਇੰਜਨ ਇਸ ਦੇ ਹੇਠਾਂ ਸੀ। ਅਧਿਕਾਰੀ ਨੇ ਕਿਹਾ ਕਿ ਖਿੱਤੇ ਦੇ ਮੌਸਮੀ ਹਾਲਾਤ ਕਰਕੇ ਵੀ ਰਾਹਤ ਕਾਰਜਾਂ ਵਿਚ ਕੁਝ ਮੁਸ਼ਕਲ ਆਈ। ਇਸ ਹਾਦਸੇ ਨੇ ਸਾਲ ਪਹਿਲਾਂ ਉੜੀਸਾ ਵਿਚ ਕੋਰੋਮੰਡਲ ਐਕਸਪ੍ਰੈੱਸ ਨਾਲ ਵਾਪਰੇ ਰੇਲ ਹਾਦਸੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਉਦੋਂ ਹਾਦਸੇ ਵਿਚ ਕਰੀਬ 300 ਲੋਕ ਮਾਰੇ ਗਏ ਸਨ ਤੇ ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।
ਰੇਲਵੇ ਅਧਿਕਾਰੀਆਂ ਨੇ ਕਿਹਾ ਕਿ 13174 ਕੰਚਨਜੰਗਾ ਐਕਸਪ੍ਰੈੱਸ ਅਗਰਤਲਾ ਤੋਂ ਸਿਆਲਦਾਹ ਜਾ ਰਹੀ ਸੀ ਤੇ ਹਾਦਸਾ ਸਵੇਰੇ 9 ਵਜੇ ਦੇ ਕਰੀਬ ਹੋਇਆ। ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਕਸ ’ਤੇ ਇਕ ਪੋੋਸਟ ਵਿਚ ਹਾਦਸੇ ’ਤੇ ਦੁਖ ਜਤਾਇਆ ਹੈ। ਰੇਲ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਈ ਕੰਚਨਜੰਗਾ ਐਕਸਪ੍ਰੈੱਸ ਦੀਆਂ ਨੁਕਸਾਨੀਆਂ ਗਈਆਂ ਬੋਗੀਆਂ ਨੂੰ ਵੱਖ ਕਰਕੇ ਰੇਲਗੱਡੀ ਨੂੰ ਕੋਲਕਾਤਾ ਲਈ ਰਵਾਨਾ ਕਰ ਦਿੱਤਾ ਗਿਆ ਹੈ। ਪੂਰਬੀ ਰੇਲਵੇ ਦੇ ਸੀਪੀਆਰਓ ਕੌਸ਼ਿਕ ਮਿੱਤਰਾ ਨੇ ਕਿਹਾ ਕਿ ਯਾਤਰੀ ਰੇਲਗੱਡੀ ਦੁਪਹਿਰੇ 12:40 ਵਜੇ ਦੇ ਕਰੀਬ ਹਾਦਸੇ ਵਾਲੀ ਥਾਂ ਤੋਂ ਰਵਾਨਾ ਕਰ ਦਿੱਤੀ ਗਈ ਸੀ ਤੇ ਇਸ ਦੇ ਸ਼ਾਮੀਂ 8 ਵਜੇ ਸਿਆਲਦਾਹ ਪਹੁੰਚਣ ਦੀ ਉਮੀਦ ਹੈ। ਹਾਦਸੇ ਕਰਕੇ ਉੱਤਰੀ ਬੰਗਾਲ ਤੇ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਤੋਂ ਆਉਣ ਵਾਲੀਆਂ ਲੰਮੀ ਦੂਰੀ ਵਾਲੀਆਂ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ। -ਪੀਟੀਆਈ
ਰੇਲਵੇ ਕਮਿਸ਼ਨਰ ਕਰੇਗਾ ਹਾਦਸੇ ਦੀ ਜਾਂਚ: ਵੈਸ਼ਨਵ
ਕੋਲਕਾਤਾ/ਨਵੀਂ ਦਿੱਲੀ: ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਰੇਲਵੇ ਸੁਰੱਖਿਆ ਕਮਿਸ਼ਨਰ (ਸੀਆਰਐੱਸ) ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੈਸ਼ਨਵ ਨੇ ਕਿਹਾ ਕਿ ਜਿਨ੍ਹਾਂ ਕਾਰਨਾਂ ਕਰਕੇ ਹਾਦਸਾ ਵਾਪਰਿਆ, ਉਹ ਗ਼ਲਤੀਆਂ ਮੁੜ ਨਾ ਹੋਣ ਇਸ ਲਈ ਲੋੜੀਂਦੇ ਉਪਰਾਲੇ ਕੀਤੇ ਜਾਣਗੇ। ਰੇਲ ਮੰਤਰੀ ਨੇ ਕਿਹਾ ਕਿ ਰਾਹਤ ਕਾਰਜ ਮੁਕੰਮਲ ਹੋ ਗਏ ਹਨ। ਉਂਜ ਵੈਸ਼ਨਵ ਨੇ ਕਿਹਾ ਕਿ ਹਾਦਸੇ ਦਾ ਕਾਰਨ ‘ਮਨੁੱਖੀ ਗ਼ਲਤੀ’ ਹੋ ਸਕਦੀ ਹੈ। ਉਧਰ ਅੰਦਰੂਨੀ ਦਸਤਾਵੇਜ਼ਾਂ ਮੁਤਾਬਕ ਆਟੋਮੈਟਿਕ ਸਿਗਨਲਿੰਗ ‘ਫੇਲ੍ਹ’ ਹੋਣ ਕਰਕੇ ਮਾਲ ਗੱਡੀ ਨੂੰ ਸਾਰੇ ਰੈੱਡ ਸਿਗਨਲ ਉਲੰਘਣ ਦੀ ਖੁੱਲ੍ਹ ਦਿੱਤੀ ਗਈ। ਰੇਲਵੇ ਵਿਚਲੇ ਸੂਤਰ ਨੇ ਕਿਹਾ ਕਿ ਰਾਨੀਪਾਤਰਾ ਦੇ ਸਟੇਸ਼ਨ ਮਾਸਟਰ ਨੇ ਮਾਲ ਗੱਡੀ ਦੇ ਡਰਾਈਵਰ ਨੂੰ ਜਿਹੜਾ ਲਿਖਤੀ ਦਸਤਾਵੇਜ਼ (ਅਥਾਰਿਟੀ ਲੈਟਰ) ਟੀਏ 912 ਦਿੱਤਾ ਸੀ, ਉਸ ਵਿੱਚ ਸਾਰੇ ਰੈੱਡ ਸਿਗਨਲ ਉਲੰਘਣ ਦੀ ਖੁੱਲ੍ਹ ਦਿੱਤੀ ਗਈ ਸੀ। ਅਥਾਰਿਟੀ ਲੈਟਰ ’ਚ ਲਿਖਿਆ ਸੀ, ‘‘ਆਟੋਮੈਟਿਕ ਸਿਗਨਲਿੰਗ ਫੇਲ੍ਹ ਹੋ ਗਿਆ ਹੈ ਤੇ ਤੁਹਾਨੂੰ ਰਾਨੀਪਾਤਰਾ ਰੇਲਵੇ ਸਟੇਸ਼ਨ ਤੇ ਛੱਤਰ ਹਾਟ ਜੰਕਸ਼ਨ ਵਿਚਾਲੇ ਆਉਂਦੇ ਸਾਰੇ ਆਟੋਮੈਟਿਕ ਸਿਗਨਲ ਪਾਸ ਕਰਨ ਦੀ ਖੁੱਲ੍ਹ ਹੈ। ਦੱਸ ਦੇਈਏ ਕਿ ਇਨ੍ਹਾਂ ਦੋਵਾਂ ਸਟੇਸ਼ਨਾਂ ਵਿਚਾਲੇ ਨੌਂ ਸਿਗਨਲ ਪੈਂਦੇ ਹਨ। -ਪੀਟੀਆਈ
ਜਾਂਚ ਤੋਂ ਬਾਅਦ ਹੀ ਪਤਾ ਲੱਗੇੇਗਾ ਹਾਦਸੇ ਦਾ ਅਸਲ ਕਾਰਨ: ਬਿੱਟੂ
ਲੁਧਿਆਣਾ: ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇੇ ਪੱਛਮੀ ਬੰਗਾਲ ਰੇਲ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ। ਬਿੱਟੂ ਨੇ ਕਿਹਾ ਕਿ ਹਾਦਸੇ ਦੇ ਅਸਲ ਕਾਰਨ ਦਾ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਮੰਤਰੀ ਨੇ ਕਿਹਾ ਕਿ ਉਹ ਇਸ ਦਰਦਨਾਕ ਹਾਦਸੇ ਤੋਂ ਬਹੁਤ ਦੁਖੀ ਹਨ। ਬਿੱਟੂ ਨੇ ਕਿਹਾ ਕਿ ਸਬੰਧਤ ਰੂਟ ’ਤੇ ਰੇਲਵੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। -ਪੀਟੀਆਈ
ਰੇਲਵੇ ਪੂਰੀ ਤਰ੍ਹਾਂ ਬੇਸਹਾਰਾ ਹੋਈ: ਮਮਤਾ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦਾਅਵਾ ਕੀਤਾ ਕਿ ਰੇਲਵੇ ‘ਪੂਰੀ ਤਰ੍ਹਾਂ ਬੇਸਹਾਰਾ’ ਹੋ ਗਈ ਹੈ। ਉਨ੍ਹਾਂ ਕਿਹਾ ਕਿ ਰੇਲਵੇ ਦਾ ਸਾਰਾ ਜ਼ੋਰ ਕਿਰਾਏ/ਭਾੜੇ ਵਧਾਉਣ ਵੱਲ ਰਿਹਾ ਹੈ ਤੇ ਯਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੁੱਖ ਸਹੂਲਤਾਂ ’ਚ ਸੁਧਾਰ ਵੱਲ ਕਿਸੇ ਦਾ ਧਿਆਨ ਨਹੀਂ ਹੈ। ਰੰਗਾਪਾਨੀ ਨੇੜੇ ਹੋਏ ਰੇਲ ਹਾਦਸੇ ਮਗਰੋਂ ਹਾਲਾਤ ਦੇ ਜਾਇਜ਼ੇ ਲਈ ਸਿਲੀਗੁੜੀ ਰਵਾਨਾ ਹੋਣ ਤੋਂ ਪਹਿਲਾਂ ਕੋਲਕਾਤਾ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਨਰਜੀ ਨੇ ਕਿਹਾ, ‘‘ਰੇਲਵੇਜ਼ ਪੂਰੀ ਤਰ੍ਹਾਂ ਬੇਸਹਾਰਾ ਹੋ ਗਿਆ ਹੈ। ਮੰਤਰਾਲਾ ਜ਼ਰੂਰੀ ਹੈ, ਪਰ ਪੁਰਾਣੀ ਸ਼ਾਨ ਗੁੰਮ ਹੈ। ਸਿਰਫ਼ ਸੁੰਦਰੀਕਰਨ ਹੋ ਰਿਹਾ ਹੈ, ਪਰ ਉਨ੍ਹਾਂ ਨੂੰ ਯਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੁੱਖ ਸਹੂਲਤਾਂ ਦੀ ਕੋਈ ਫਿਕਰ ਨਹੀਂ। ਉਨ੍ਹਾਂ ਦਾ ਸਾਰਾ ਜ਼ੋਰ ਕਿਰਾਏ ਭਾੜੇ ਵਧਾਉਣ ’ਚ ਲੱਗਾ ਹੈ। ਤੁਸੀਂ ਉਨ੍ਹਾਂ ਨੂੰ ਵੱਡੀਆਂ ਗੱਲਾਂ ਕਰਦੇ ਹੀ ਦੇਖੋਗੇ। ਉਨ੍ਹਾਂ ਨੂੰ ਰੇਲਵੇ ਅਧਿਕਾਰੀਆਂ, ਤਕਨੀਕੀ, ਸੁਰੱਖਿਆ ਤੇ ਸੁਰੱਖਿਆ ਅਮਲੇ ਦੀ ਵੀ ਕੋਈ ਪ੍ਰਵਾਹ ਨਹੀਂ। ਮੈਂ ਰੇਲਵੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਨਾਲ ਹਾਂ।’’ -ਪੀਟੀਆਈ
‘ਬਦਇੰਤਜ਼ਾਮੀ’ ਲਈ ਮੋਦੀ ਸਰਕਾਰ ਜ਼ਿੰਮੇਵਾਰ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਪੱਛਮੀ ਬੰਗਾਲ ਰੇਲ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁਖ ਜਤਾਉਂਦਿਆਂ ਰੇਲ ਮੰਤਰਾਲੇ ਦੇ ‘ਸਮੁੱਚੇ ਕੁਪ੍ਰਬੰਧ’ ਲਈ ਮੋਦੀ ਸਰਕਾਰ ਨੂੰ ਭੰਡਿਆ ਹੈ। ਖੜਗੇ ਨੇ ਕਿਹਾ, ‘‘ਪੱਛਮੀ ਬੰਗਾਲ ਦੇ ਜਲਪਾਇਗੁੜੀ ਵਿਚ ਕੰਚਨਜੰਗਾ ਐਕਸਪ੍ਰੈੱਸ ਰੇਲਗੱਡੀ ਨਾਲ ਵਾਪਰੇ ਹਾਦਸੇ ਦਾ ਬੇਹੱਦ ਦੁੱਖ ਹੈ, ਜਿੱਥੇ ਕਈ ਲੋਕਾਂ ਦੀ ਜਾਨ ਜਾਂਦੀ ਰਹੀ ਹੈ ਤੇ ਕਈ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ।’’ ਖੜਗੇ ਨੇ ਕਿਹਾ, ‘‘ਹਾਦਸੇ ਵਾਲੀ ਥਾਂ ਦੇ ਦ੍ਰਿਸ਼ ਦਰਦਨਾਕ ਹਨ। ਇਸ ਦੁੱਖ ਦੀ ਘੜੀ ਵਿਚ ਅਸੀਂ ਪੀੜਤ ਪਰਿਵਾਰਾਂ ਨਾਲ ਇਕਜੁੱਟਤਾ ਤੇ ਸੰਵੇਦਨਾਵਾਂ ਜ਼ਾਹਰ ਕਰਦੇ ਹਾਂ। ਅਸੀਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦੇ ਹਾਂ। ਸਾਰੇ ਪੀੜਤਾਂ ਨੂੰ ਫੌਰੀ ਤੇ ਪੂਰਾ ਮੁਆਵਜ਼ਾ ਦਿੱਤਾ ਜਾਵੇ।’’ ਖੜਗੇ ਨੇ ਦਾਅਵਾ ਕੀਤਾ, ‘‘ਜ਼ਿੰਮੇਵਾਰ ਵਿਰੋਧੀ ਧਿਰ ਹੋਣ ਦੇ ਨਾਤੇ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੇ ਧਿਆਨ ਵਿਚ ਲਿਆਈਏ ਕਿ ਮੋਦੀ ਸਰਕਾਰ ਨੇ ਕਿਵੇਂ ਰੇਲ ਮੰਤਰਾਲੇ ਨੂੰ ਵਿਵਸਥਿਤ ਢੰਗ ਨਾਲ ‘ਕੈਮਰਾ ਅਧਾਰਿਤ ਸਵੈ-ਪ੍ਰਚਾਰ’ ਦਾ ਮੰਚ ਬਣਾ ਛੱਡਿਆ ਹੈ। ਅੱਜ ਦੀ ਤ੍ਰਾਸਦੀ ਇਸ ਤਲਖ਼ ਹਕੀਕਤ ਬਾਰੇ ਇਕ ਹੋਰ ਚੇਤਾਵਨੀ ਹੈ। ਅਸੀਂ ਭਾਰਤੀ ਰੇਲਵੇ ਨੂੰ ਲੈ ਕੇ ਅਪਰਾਧਿਕ ਲਾਪਰਵਾਹੀ ਲਈ ਮੋਦੀ ਸਰਕਾਰ ਦੀ ਜਵਾਬਦੇਹੀ ਯਕੀਨੀ ਬਣਾਵਾਂਗੇ।’’ ਉਧਰ ਗਾਂਧੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਰੇਲਵੇ ਹਾਦਸਿਆਂ ਦਾ ਵਧਣਾ ‘ਮੋਦੀ ਸਰਕਾਰ ਦੀ ਬਦਇੰਤਜ਼ਾਮੀ ਤੇ ਲਾਪਰਵਾਹੀ ਦਾ ਨਤੀਜਾ ਹੈ , ਜਿਸ ਕਰਕੇ ਨਿਯਮਤ ਅਧਾਰ ’ਤੇ ਯਾਤਰੀਆਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹੈ।’’ -ਪੀਟੀਆਈ