ਮੁੰਬਈ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਮੰਦਰ ਦੇ ਗੇਟ ’ਤੇ ਦੋ ਪੁਲੀਸ ਮੁਲਾਜ਼ਮਾਂ ’ਤੇ ਹਮਲੇ ਦੀ ਘਟਨਾ ਦੀ ਜਾਂਚ ਕਰ ਰਹੀ ਯੂਪੀ ਏਟੀਐੱਸ ਦੀ ਟੀਮ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਮੁਰਤਜ਼ਾ ਅੱਬਾਸੀ ਬਾਰੇ ਹੋਰ ਜਾਣਕਾਰੀ ਜੁਟਾਉਣ ਲਈ ਅੱਜ ਨਵੀ ਮੁੰਬਈ ਪੁੱਜੀ। ਅੱਬਾਸੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਯੂਪੀ ਪੁਲੀਸ ਨੇ ਉਸ ਦੀ ਗੋਰਖਪੁਰ ਵਿਚਲੀ ਰਿਹਾਇਸ਼ ’ਤੇ ਛਾਪਾ ਮਾਰ ਕੇ ਉਸ ਦਾ ਲੈਪਟੌਪ ਤੇ ਮੋਬਾਈਲ ਫੋਨ ਬਰਾਮਦ ਕੀਤਾ ਸੀ ਜਿਸ ਵਿੱਚ ਵਿਵਾਦਤ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਅਤੇ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਬਾਰੇ ਵੀਡੀਓਜ਼ ਸਨ। ਮੁਲਜ਼ਮ ਦੇ ਨਵੀ ਮੁੰਬਈ ਨਾਲ ਸਬੰਧ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਅੱਬਾਸੀ ਦੇ ਆਧਾਰ ਕਾਰਡ ’ਤੇ ‘ਮਿਲੇਨੀਅਮ ਟਾਵਰ, ਸੰਪਦਾ, ਨਵੀ ਮੁੰਬਈ’ ਦਾ ਪਤਾ ਦਰਜ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਏਟੀਐੱਸ ਦੀ ਟੀਮ ਅੱਬਾਸੀ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਮੁੰਬਈ ਪਹੁੰਚੀ ਹੈ। ਜ਼ਿਕਰਯੋਗ ਹੈ ਕਿ ਲੰਘੇ ਐਤਵਾਰ ਦੀ ਸ਼ਾਮ ਅੱਬਾਸੀ ਨੇ ਮਸ਼ਹੂਰ ਗੋਰਖਪੁਰ ਮੰਦਰ ਦੇ ਬਾਹਰ ਦੋ ਸਿਪਾਹੀਆਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ ਤੇ ਜਬਰੀ ਮੰਦਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਮੰਦਰ ਦੁਆਲੇ ਉੱਚ ਸੁਰੱਖਿਆ ਰਹਿੰਦੀ ਹੈ ਕਿਉਂਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਕਸਰ ਇੱਥੇ ਆਉਂਦੇ ਰਹਿੰਦੇ ਹਨ। ਉਹ ਇਸ ਮੰਦਰ ਦੇ ਮੁੱਖ ਮਹੰਤ ਵੀ ਹਨ। -ਪੀਟੀਆਈ