ਨਵੀਂ ਦਿੱਲੀ, 21 ਦਸੰਬਰ
ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਸਰਕਾਰ ‘ਖੇਤੀ ਦੇ ਮਸ਼ੀਨੀਕਰਨ’ ਉੱਤੇ ਧਿਆਨ ਕੇਂਦਰਤ ਕਰ ਰਹੀ ਹੈ ਅਤੇ ਘੱਟ ਜ਼ਮੀਨ ਵਾਲੇ ਕਿਸਾਨਾਂ ਦੀ ਆਮਦਨ ਨੂੰ ਹੁਲਾਰਾ ਦੇਣ ਵਾਸਤੇ ਉਨ੍ਹਾਂ ਨੂੰ ਮਸ਼ੀਨਾਂ ਤੇ ਸੰਦ ਮੁਹੱਈਆ ਕਰਵਾਉਣ ਲਈ ਇੰਡਸਟਰੀ ਨੂੰ ਆਖਿਆ ਗਿਆ ਹੈ। ਉਹ ਅੱਜ ਟਰੈਕਟਰ ਅਤੇ ਮਸ਼ੀਨੀਕਰਨ ਐਸੋਸੀਏਸ਼ਨ ਨਾਲ ਸਾਲਾਨਾ ਆਮ ਬੈਠਕ ਕਰ ਰਹੇ ਸਨ। ਸੀਆਈਆਈ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਕਿ ਤੋਮਰ ਨੇ ਅਗਲੇ 10 ਸਾਲਾਂ ’ਚ ਪ੍ਰਤੀ ਹੈਕਟੇਅਰ ਖੇਤੀ ਮਸ਼ੀਨੀਕਰਨ ਦੁੱਗਣਾ ਕਰਨ ਸਬੰਧੀ ਸਰਕਾਰ ਦੇ ਨਿਸ਼ਾਨੇ ਬਾਰੇ ਗੱਲਬਾਤ ਕੀਤੀ ਅਤੇ ਕਿਹਾ ਇਹ ਸਿਰਫ ਇੰਡਸਟਰੀ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ। ਖੇਤੀ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਵੱਡੇ ਆਧੁਨਿਕ ਖੇਤੀ ਸੰਦ ਮੁਹੱਈਆ ਕਰਵਾਉਣ ’ਤੇ ਜ਼ੋਰ ਦੇ ਰਹੀ ਹੈ। ਬਿਆਨ ਮੁਤਾਬਕ ਉਨ੍ਹਾਂ ਨੇ ਐਸੋਸੀਏਸ਼ਨ ਨੂੰ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਛੋਟੀਆਂ ਮਸ਼ੀਨਾਂ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਤਾਂ ਕਿ ਇਸ ਵਿੱਚ 86 ਫ਼ੀਸਦੀ ਕਿਸਾਨ ਆਸਾਨੀ ਨਾਲ ਮਸ਼ੀਨਾਂ ਹਾਸਲ ਕਰ ਸਕਣ ਅਤੇ ਉਨ੍ਹਾਂ ਦੀ ਆਮਦਨ ’ਚ ਵਾਧਾ ਹੋ ਸਕੇ। -ਪੀਟੀਆਈ