ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਫਾਈਜ਼ਰ ਨਾਲ ਮਿਲ ਕੇ ਕਰੋਨਾ ਤੋਂ ਬਚਾਅ ਦੀ ਵੈਕਸੀਨ ਦੀ ਛੇਤੀ ਦਰਾਮਦ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ ਕੇ ਪੌਲ ਨੇ ਕਿਹਾ ਕਿ ਆਲਮੀ ਪੱਧਰ ’ਤੇ ਵੈਕਸੀਨ ਦੀ ਸੀਮਤ ਸਪਲਾਈ ਹੈ ਅਤੇ ਕੰਪਨੀਆਂ ਦੀਆਂ ਆਪਣੀਆਂ ਤਰਜੀਹਾਂ ਅਤੇ ਮਜਬੂਰੀਆਂ ਹਨ। ਭਾਰਤ ਦੀ ਕੋਵਿਡ-19 ਟਾਸਕ ਫੋਰਸ ਦੇ ਮੁਖੀ ਪੌਲ ਨੇ ਕਿਹਾ ਕਿ ਜਿਵੇਂ ਹੀ ਫਾਈਜ਼ਰ ਨੇ ਵੈਕਸੀਨ ਦੀ ਉਪਲੱਬਧਤਾ ਦਾ ਸੰਕੇਤ ਦਿੱਤਾ ਕੇਂਦਰ ਸਰਕਾਰ ਨੇ ਕੰਪਨੀ ਨਾਲ ਉਸ ਦੀ ਸਪਲਾਈ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਕਰਕੇ ਹੀ ਸਪੂਤਨਿਕ ਵੀ ਦੇ ਪ੍ਰੀਖਣਾਂ ’ਚ ਤੇਜ਼ੀ ਆਈ ਹੈ ਅਤੇ ਸਮੇਂ ’ਤੇ ਦਿੱਤੀ ਗਈ ਪ੍ਰਵਾਨਗੀ ਕਾਰਨ ਰੂਸ ਨੇ ਉਨ੍ਹਾਂ ਨੂੰ ਵੈਕਸੀਨ ਦੀਆਂ ਦੋ ਖੇਪਾਂ ਭੇਜ ਦਿੱਤੀਆਂ ਹਨ। ਭਾਰਤੀ ਕੰਪਨੀਆਂ ਵੀ ਸਪੂਤਨਿਕ ਦਾ ਛੇਤੀ ਹੀ ਉਤਪਾਦਨ ਸ਼ੁਰੂ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਰੀਆਂ ਕੌਮਾਂਤਰੀ ਵੈਕਸੀਨ ਕੰਪਨੀਆਂ ਨੂੰ ਮੁੜ ਬੇਨਤੀ ਕੀਤੀ ਹੈ ਕਿ ਉਹ ਭਾਰਤ ’ਚ ਆ ਕੇ ਮੁਲਕ ਅਤੇ ਦੁਨੀਆ ਲਈ ਵੈਕਸੀਨ ਬਣਾਉਣ। -ਪੀਟੀਆਈ