ਨਵੀਂ ਦਿੱਲੀ: ਪ੍ਰਮੁੱਖ ਆਰਥਿਕ ਸਲਾਹਕਾਰ ਸੰਜੀਵ ਸਾਨਿਆਲ ਨੇ ਅੱਜ ਕਿਹਾ ਕਿ ਸਰਕਾਰ ਨਵੇਂ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ ਕਿਉਂਕਿ ਇਨ੍ਹਾਂ ਦਾ ਵਿਸ਼ੇਸ਼ ਕਰਕੇ ਛੋਟੇ ਕਿਸਾਨਾਂ ਨੂੰ ਵੱਧ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਮਾਰਕੀਟ ਸੁਧਾਰਾਂ ਦੀ ਕੜੀ ਵਿੱਚ ਸਰਕਾਰ ਨੇ ਕਿਰਤ ਕਾਨੂੰਨਾਂ ਵਿੱਚ ਵੀ ਤਬਦੀਲੀਆਂ ਲਿਆਂਦੀਆਂ ਹਨ। ਭਾਰਤੀ ਪਬਲਿਕ ਅਫੇਅਰਜ਼ ਫੋਰਮ ਵੱਲੋਂ ਵਿਉਂਤੀ ਵਰਚੁਅਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਨਿਆਲ ਨੇ ਕਿਹਾ ਕਿ ਦਰਜਨਾਂ ਕੇਂਦਰੀ ਕਿਰਤ ਕਾਨੂੰਨਾਂ ਨੂੰ ਚਾਰ ਕਿਰਤ ਕਾਨੂੰਨਾਂ ’ਚ ਤਬਦੀਲ ਕੀਤਾ ਜਾ ਰਿਹੈ ਤੇ ਇਹ ਆਧੁਨਿਕ ਕਿਰਤ ਕੋਡ ਹੋਣਗੇ। ਉਨ੍ਹਾਂ ਕਿਹਾ, ‘ਅਸੀਂ ਕਈ ਬੇਲੋੜੇ ਵਿਧਾਨਾਂ ਨੂੰ ਹਟਾਇਆ ਹੈ….ਇਹੀ ਕੁਝ ਅਸੀਂ ਖੇਤੀ ਕਾਨੂੰਨਾਂ ਵਿੱਚ ਕੀਤਾ ਹੈ। ਇਨ੍ਹਾਂ ਕਾਨੂੰਨਾਂ ’ਤੇ ਪਿਛਲੇ 20-30 ਸਾਲਾਂ ਤੋਂ ਵਾਦ ਵਿਵਾਦ ਹੋ ਰਿਹਾ ਹੈ।’ ਸਾਨਿਆਲ ਨੇ ਸਾਫ਼ ਕੀਤਾ ਕਿ ਮੌਜੂਦਾ ਮੰਡੀਆਂ ਕਿਤੇ ਨਹੀਂ ਜਾ ਰਹੀਆਂ ਤੇ ਉਹ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਤੇ ਹੋਰਨਾਂ ਨਾਲ ਮੁਕਾਬਲਾ ਕਰਨਗੀਆਂ।
-ਪੀਟੀਆਈ