ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੋਵਿਡ-19 ਹਾਲਾਤ ਨਾਲ ਸਿੱਝਣ ਦੇ ਢੰਗ ਤਰੀਕੇ ਲਈ ਸਰਕਾਰ ’ਤੇ ਹੱਲਾ ਬੋਲਦਿਆਂ ਅੱਜ ਕਿਹਾ ਕਿ ਮੋਦੀ ਸਰਕਾਰ ‘ਟੀਕਾ ਉਤਸਵ’ ਦੇ ਨਾਂ ’ਤੇ ਮਹਿਜ਼ ਪਾਖੰਡ ਕਰ ਰਹੀ ਹੈ। ਗਾਂਧੀ ਨੇ ਕਿਹਾ ਕਿ ਨਾ ਕੋਈ ਟੈਸਟਿੰਗ ਹੋ ਰਹੀ ਹੈ ਤੇ ਨਾ ਹੀ ਹਸਪਤਾਲਾਂ ਵਿੱਚ ਬਿਸਤਰਿਆਂ ਦਾ ਕੋਈ ਪ੍ਰਬੰਧ ਹੈ। ਵੈਂਟੀਲੇਟਰਾਂ ਤੇ ਆਕਸੀਜ਼ਨ ਦਾ ਵੀ ਕੋਈ ਪਤਾ ਨਹੀਂ ਅਤੇ ਵੈਕਸੀਨ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਪੀ-ਕੇਅਰਜ਼ ਫੰਡ ’ਤੇ ਚੁਟਕੀ ਲੈਂਦਿਆਂ ਰਾਹੁਲ ਨੇ ਕਿਹਾ ਕਿ ਕੋਵਿਡ-19 ਹਾਲਾਤ ਨਾਲ ਸਿੱਝਣ ਲਈ ਇਸ ਫੰਡ ਤਹਿਤ ਵੱਡੀਆਂ ਡੋਨੇਸ਼ਨਾਂ ਦਿੱਤੀਆਂ ਗਈਆਂ ਸਨ। ਕਾਂਗਰਸ ਆਗੂ ਨੇ ਕਿਹਾ, ‘ਹਸਪਤਾਲਾਂ ਵਿੱਚ ਨਾ ਟੈਸਟ ਹੋ ਰਹੇ ਹਨ ਤੇ ਨਾ ਹੀ ਬੈੱਡ ਹਨ। ਵੈਂਟੀਲੇਟਰਾਂ ਜਾ ਆਕਸੀਜ਼ਨ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਵੈਕਸੀਨ ਵੀ ਮੌਜੂਦ ਨਹੀਂ ਹੈ। ਪਰ ਟੀਕਾ ਉਤਸਵ ਦੇ ਨਾਂ ’ਤੇ ਪਾਖੰਡ ਕੀਤਾ ਜਾ ਰਿਹੈ। ਪੀਐੱਮ-ਕੇਅਰਜ਼ ਕਿੱਥੇ ਹੈੈ?’ ਚੇਤੇ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਤੋਂ 14 ਅਪਰੈਲ ਨੂੰ ‘ਟੀਕਾ ਉਤਸਵ’ ਵਜੋਂ ਮਨਾਉਣ ਦਾ ਸੱਦਾ ਦਿੱਤਾ ਸੀ। -ਪੀਟੀਆਈ