ਪੇਈਚਿੰਗ, 10 ਸਤੰਬਰ
ਭਾਰਤ ਨੇ ਚੀਨ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਐਡਵਾਈਜ਼ਰੀ(ਸਲਾਹ) ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਚੀਨ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਆਉਣ ਵਾਲੀਆਂ ਕਈ ਸਮੱਸਿਆਵਾਂ ਤੋਂ ਸੁਚੇਤ ਕੀਤਾ ਗਿਆ ਹੈ। ਸਲਾਹ ਵਿੱਚ ਕਿਹਾ ਗਿਆ ਹੈ ਕਿ ਉਥੇ ਵਿਦਿਆਰਥੀਆਂ ਦਾ ਪਾਸ ਨਤੀਜਾ ਮਾੜਾ ਨਿਕਲਦਾ ਹੈ, ਸਰਕਾਰੀ ਭਾਸ਼ਾ ਪੁਤੌਂਗੁਆ ਸਿੱਖਣ ਦੀ ਮਜਬੂਰ ਕੀਤਾ ਜਾਂਦਾ ਹੈ ਤੇ ਭਾਰਤ ਵਿੱਚ ਡਾਕਟਰ ਵਜੋਂ ਪ੍ਰੈਕਟਿਸ ਕਰਨ ਦੇ ਸਖ਼ਤ ਨਿਯਮ ਹਨ। ਇਹ ਸਲਾਹ ਅਜਿਹੇ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਚੀਨੀ ਮੈਡੀਕਲ ਸੰਸਥਾਵਾਂ ਵਿੱਚ ਪੜ੍ਹ ਰਹੇ ਕਈ ਭਾਰਤੀ ਵਿਦਿਆਰਥੀ ਪੇਈਚਿੰਗ ਦੀ ਕੋਵਿਡ ਵੀਜ਼ਾ ਪਾਬੰਦੀਆਂ ਕਾਰਨ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਘਰ ਬੈਠੇ ਹਨ। ਇਸ ਸਮੇਂ ਚੀਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ 23,000 ਤੋਂ ਵੱਧ ਭਾਰਤੀ ਵਿਦਿਆਰਥੀ ਦਾਖਲ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਮੈਡੀਕਲ ਵਿਦਿਆਰਥੀ ਹਨ।