ਨਵੀਂ ਦਿੱਲੀ, 8 ਜੂਨ
ਕਾਂਗਰਸ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਸੰਸਦ ਵਿੱਚ ਦਸੰਬਰ ਮਹੀਨੇ ਤੱਕ ਮੁਲਕ ਦੇ ਸਾਰੇ ਨਾਗਰਿਕਾਂ ਨੂੰ ਕੋਵਿਡ-19 ਵੈਕਸੀਨ ਮੁਹੱਈਆ ਕਰਵਾਉਣ ਸਬੰਧੀ ਇਸ ਦੀ ਨੀਤੀ ਤੇ ਰੋਡਮੈਪ ਬਾਰੇ ਸਪੱਸ਼ਟ ਦੱਸਣਾ ਚਾਹੀਦਾ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਸਰਕਾਰ ਸੁਰਖ਼ੀਆਂ ’ਚ ਰਹਿਣਾ ਚਾਹੁੰਦੀ ਹੈ ਪਰ ਤੈਅ ਸਮੇਂ ’ਚ ਕੰਮ ਕਰਨ ਦੀ ਇੱਛੁਕ ਨਹੀਂ ਹੈ। ਕਾਂਗਰਸ ਨੇ ਪੁੱਛਿਆ ਕਿ ਅਜੇ ਵੀ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਟੀਕੇ ਲਵਾਉਣ ਲਈ ਪੈਸੇ ਕਿਉਂ ਦੇਣੇ ਪੈ ਰਹੇ ਹਨ। ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਆਨਲਾਈਨ ਪ੍ਰੈੱਸ ਕਾਨਫਰੰਸ ਮੌਕੇ ਕਿਹਾ ਕਿ ਸਾਰੇ ਭਾਰਤੀਆਂ ਨੂੰ ਕੋਵਿਡ- 19 ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਹੋਣਾ ਚਾਹੀਦਾ ਹੈ ਤੇ ਇਸ ਲਈ ਕੋਵਿਨ ਐਪ ’ਤੇ ਰਜਿਸਟ੍ਰੇਸ਼ਨ ਲਾਜ਼ਮੀ ਨਹੀਂ ਹੋਣੀ ਚਾਹੀਦੀ ਕਿਉਂਕਿ ਕਈ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਡਿਜੀਟਲ ਪਹੁੰਚ ਨਹੀਂ ਹੈ।
ਉਨ੍ਹਾਂ ਪ੍ਰਧਾਨ ਮੰਤਰੀ ’ਤੇ ਵੀ ਨਿਸ਼ਾਨਾ ਲਾਇਆ।-ਪੀਟੀਆਈ