ਜੈਪੁਰ, 12 ਫਰਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਜਦੋਂ ਭਾਰਤੀ ਕਿਸਾਨਾਂ ਅੱਗੇ ਬਰਤਾਨਵੀ ਹਕੂਮਤ ਟਿਕ ਨਹੀਂ ਸਕੀ, ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਚੀਜ਼ ਹਨ। ਕਿਸਾਨਾਂ ਦੀ ਦੀ ਦੂਜੀ ‘ਮਹਾਪੰਚਾਇਤ’ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਦਾਅਵਾ ਕੀਤਾ ਕਿ ਜੀਐੱਸਟੀ ਮਗਰੋਂ ਇਹ ਕਾਨੂੰਨ ਦੇਸ਼ ਦੇ 40 ਫ਼ੀਸਦੀ ਲੋਕਾਂ ਨੂੰ ਪ੍ਰਭਾਵਿਤ ਕਰਨਗੇ। ਸ੍ਰੀਗੰਗਾਨਗਰ ਜ਼ਿਲ੍ਹੇ ਦੇ ਪਦਮਪੁਰ ਸ਼ਹਿਰ ਵਿੱਚ ਆਪਣੀ ਦੂਜੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਇਹ ਭਾਰਤ ਮਾਤਾ ਦਾ ਕਾਰੋਬਾਰ ਹੈ, ਜੋ ਸਾਰੇ ਦੇਸ਼ ਦਾ ਢਿੱਡ ਭਰਦਾ ਹੈ।’’ ਉਨ੍ਹਾਂ ਕਿਹਾ ਕਿ ਇਹ ਇਕੱਲੇ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਪੂਰੇ ਦੇਸ਼ ਦਾ ਅੰਦੋਲਨ ਬਣ ਜਾਵੇਗਾ ਕਿਉਂਕਿ ਇਹ ਮਜ਼ਦੂਰ, ਵਪਾਰੀ, ਛੋਟੇ ਅਤੇ ਦਰਮਿਆਨੇ ਉਦਯੋਗ ਅਤੇ ਮੱਧ ਵਰਗ ਦਾ ਮੁੱਦਾ ਹੈ।
ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪੀਲੀਬੰਗਾ ਸ਼ਹਿਰ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਦੋਸ਼ ਲਾਇਆ ਕਿ ਉਹ ਨਵੇਂ ਖੇਤੀ ਕਾਨੂੰਨਾਂ ਰਾਹੀਂ ਆਪਣੇ ‘ਦੋਸਤਾਂ’ ਦਾ ਰਸਤਾ ਸਾਫ਼ ਕਰ ਰਹੇ ਹਨ ਅਤੇ ਕਿਹਾ ਕਿ ਉਹ ਕਿਸਾਨਾਂ ਨੂੰ ਧਮਕਾ ਰਹੇ ਹਨ, ਜਦੋਂਕਿ ਚੀਨ ਅੱਗੇ ਖੜ੍ਹੇ ਨਹੀਂ ਹੋ ਸਕਦੇ। ਉਨ੍ਹਾਂ ਨੇ ਪੂਰਬੀ ਲੱਦਾਖ ਵਿੱਚ ਭਾਰਤ-ਚੀਨ ਫ਼ੌਜਾਂ ਦੇ ਪਿੱਛੇ ਹਟਣ ਸਬੰਧੀ ਸਮਝੌਤੇ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ, ‘‘ਉਹ ਚੀਨ ਅੱਗੇ ਖੜ੍ਹੇ ਨਹੀਂ ਹੋ ਸਕਦੇ, ਪਰ ਕਿਸਾਨਾਂ ਨੂੰ ਧਮਕਾਇਆ ਜਾਂਦਾ ਹੈ। ਇਹ (ਪ੍ਰਧਾਨ ਮੰਤਰੀ) ਨਰਿੰਦਰ ਮੋਦੀ ਦੀ ਅਸਲੀਅਤ ਹੈ।’’ -ਪੀਟੀਆਈ