ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 14 ਦਸੰਬਰ
ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਧਰਨੇ ਪ੍ਰਦਰਸ਼ਨਾਂ ਦਰਮਿਆਨ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਸਰਕਾਰ ਦੀ ਨੀਅਤ ਤੇ ਨੀਤੀ ਕਿਸਾਨ ਪੱਖੀ ਹੈ। ਤੋਮਰ ਨੇ ਕਿਹਾ ਕਿ ਅਗਲੇ ਗੇੜ ਦੀ ਗੱਲਬਾਤ ਲਈ ਤਰੀਕ ਮਿੱਥਣ ਨੂੰ ਲੈ ਕੇ ਸਰਕਾਰ ਕਿਸਾਨ ਆਗੂਆਂ ਦੇ ਸੰਪਰਕ ਵਿੱਚ ਹੈ। ਤੋਮਰ ਨੇ ਕਿਹਾ, ‘ਮੀਟਿੰਗ ਯਕੀਨੀ ਹੋਵੇਗੀ। ਅਸੀਂ ਕਿਸਾਨਾਂ ਨਾਲ ਰਾਬਤਾ ਕਰ ਰਹੇ ਹਾਂ।’ ਕੇਂਦਰੀ ਖੇਤੀ ਮੰਤਰੀ ਨੇ ਕਿਹਾ ਸਰਕਾਰ ਕਿਸੇ ਵੇਲੇ ਵੀ ਵਿਚਾਰ ਚਰਚਾ ਲਈ ਤਿਆਰ ਹੈ। ਇਹ ਹੁਣ ਕਿਸਾਨ ਆਗੂਆਂ ਨੇ ‘ਫੈਸਲਾ ਕਰਨਾ ਤੇ ਦੱਸਣਾ’ ਹੈ ਕਿ ਉਹ ਅਗਲੀ ਮੀਟਿੰਗ ਲਈ ਕਦੋਂ ਤਿਆਰ ਹਨ। ਇਸ ਦੌਰਾਨ ਤੋਮਰ ਨੇ ਖੇਤੀ ਕਾਨੂੰਨਾਂ ਦੀ ਪੈਰਵੀ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਮੀਟਿੰਗ ਕੀਤੀ। ਤੋਮਰ ਨੇ ਮਗਰੋਂ ਇਕ ਟਵੀਟ ’ਚ ਕਿਹਾ ਕਿ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਖੇਤੀ ਕਾਨੂੰਨ ਵਾਪਸ ਨਾ ਲਏ ਜਾਣ ਤੇ ‘ਪੰਜਾਬ ਦੇ ਕਿਸਾਨਾਂ ਵੱਲੋਂ ਕੀਤਾ ਜਾ ਰਿਹੈ ਅੰਦੋਲਨ ਸਿਆਸਤ ਤੋਂ ਪ੍ਰੇਰਿਤ ਹੈ।’ ਇਕ ਅਧਿਕਾਰਤ ਬਿਆਨ ਮੁਤਾਬਕ ਤੋਮਰ ਨੇ ‘ਸਾਫ਼’ ਕਰ ਦਿੱਤਾ ਕਿ ਸਰਕਾਰ ਦੀ ਨੀਅਤ ਤੇ ਨੀਤੀਆਂ ਕਿਸਾਨ ਪੱਖੀ ਹਨ ਤੇ ‘ਜੋ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ।’ ਤੋਮਰ ਨੇ ਕਿਹਾ ਕਿ ਸਰਕਾਰ ਸੰਵਾਦ ਲਈ ਹਮੇਸ਼ਾ ਤਿਆਰ ਹੈ। ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਆਲ ਇੰਡੀਆ ਕਿਸਾਨ ਤਾਲਮੇਲ ਕਮੇਟੀ ਦੀ ਨੁਮਾਇੰਦਗੀ ਕਰਨ ਵਾਲੇ ਰਾਜਾਂ ਤਿਲੰਗਾਨਾ, ਮਹਾਰਾਸ਼ਟਰ, ਹਰਿਆਣਾ, ਤਾਮਿਲ ਨਾਡੂ ਤੇ ਬਿਹਾਰ ਦੇ ਕਿਸਾਨਾਂ ਨੇ ਕ੍ਰਿਸ਼ੀ ਭਵਨ ਵਿੱਚ ਤੋਮਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕੇਂਦਰੀ ਮੰਤਰੀਆਂ ਹਰਦੀਪ ਸਿੰਘ ਪੁਰੀ ਤੇ ਸੋਮ ਪ੍ਰਕਾਸ਼ ਨੇ ਵੀ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਮੀਟਿੰਗਾਂ ਕੀਤੀਆਂ।
ਹਰਿਆਣਾ ਦੇ ਭਾਜਪਾ ਵਿਧਾਇਕਾਂ ਤੇ ਸੰਸਦ ਮੈਂਬਰਾਂ ਵੱਲੋਂ ਤੋਮਰ ਨਾਲ ਮੁਲਾਕਾਤ
ਹਰਿਆਣਾ ਦੇ ਭਾਜਪਾ ਨਾਲ ਸਬੰਧਤ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਵਫ਼ਦ ਨੇ ਵੀ ਤੋਮਰ ਨਾਲ ਮੁਲਾਕਾਤ ਕੀਤੀ। ਖੇਤੀ ਮੰਤਰੀ ਨੂੰ ਮਿਲਣ ਵਾਲੇ ਵਫ਼ਦ ਵਿੱਚ ਜਲ ਸਰੋਤ ਬਾਰੇ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ, ਸੰਸਦ ਮੈਂਬਰ ਧਰਮਵੀਰ ਸਿੰਘ ਤੇ ਨਾਇਬ ਸਿੰਘ ਸੈਣੀ ਤੇ ਰਾਜ ਸਭਾ ਮੈਂਬਰ ਡੀ.ਪੀ.ਵਤਸ ਆਦਿ ਸ਼ਾਮਲ ਸਨ। ਮੀਟਿੰਗ ਦੌਰਾਨ ਸਤਲੁਜ ਯਮੁਨਾ ਲਿੰਕ ਨਹਿਰ ਮੁੱਦੇ ’ਤੇ ਵੀ ਚਰਚਾ ਹੋਈ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵੀ ਤੋਮਰ ਨਾਲ ਮੁਲਾਕਾਤ ਕੀਤੀ ਸੀ।