ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਫਰਵਰੀ
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚੋਂ ਜ਼ਮਾਨਤ ਮਿਲਣ ਮਗਰੋਂ ਕਰਨਾਲ ਜੇਲ੍ਹ ਤੋਂ ਬਾਹਰ ਆਈ ਮਜ਼ਦੂਰ ਕਾਰਕੁਨ ਨੌਦੀਪ ਕੌਰ ਨੇ ਕਿਹਾ ਕਿ ਲੋਕਾਂ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ ਤੇ ਸਰਕਾਰਾਂ, ਮੰਤਰੀ ਜਾਂ ਪੈਸਾ ਜਨਤਾ ਦੇ ਰੋਹ ਅੱਗੇ ਨਹੀਂ ਟਿਕ ਸਕਦੇ।
ਨੌਦੀਪ ਕੌਰ ਨੇ ਕਿਹਾ ਕਿ ਉਹ ਜਨਤਾ ਵੱਲੋਂ ਆਵਾਜ਼ ਬੁਲੰਦ ਕਰਨ ਕਰਕੇ ਹੀ ਬਾਹਰ ਆ ਸਕੀ ਹੈ ਤੇ ਹੁਣ ਉਹ ਮਜ਼ਦੂਰਾਂ ਤੇ ਦੱਬੇ-ਕੁਚਲੇ ਲੋਕਾਂ ਲਈ ਆਖ਼ਰੀ ਦਮ ਤਕ ਕੰਮ ਕਰੇਗੀ। ਉਸ ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ, ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦਾ ਸਨਮਾਨ ਕੀਤਾ ਗਿਆ। ਉਸ ਨੇ ਆਪਣੀ ਨਜ਼ਰਬੰਦੀ ਦੌਰਾਨ ਦੇਸ਼-ਵਿਦੇਸ਼ ਤੋਂ ਮਿਲੇ ਭਰਪੂਰ ਸਮਰਥਨ ਨੂੰ ਇਸ ਰਿਹਾਈ ਦਾ ਮੁੱਖ ਕਾਰਨ ਕਰਾਰ ਦਿੱਤਾ। ਉਸ ਨੇ ਕਿਹਾ ਕਿ ਮਜ਼ਦੂਰਾਂ, ਔਰਤਾਂ, ਕਿਸਾਨਾਂ ਤੇ ਦਲਿਤਾਂ ’ਤੇ ਅੱਤਿਆਚਾਰ ਹੁੰਦੇ ਹਨ। ਇਨ੍ਹਾਂ ਵਰਗਾਂ ਤੋਂ ਕੰਮ ਲਿਆ ਜਾਂਦਾ ਹੈ ਪਰ ਸਹੂਲਤਾਂ ਦੇਣ ਸਮੇਂ ਇਨ੍ਹਾਂ ਨੂੰ ਅਣਗੌਲਿਆ ਜਾਂਦਾ ਹੈ।
ਮੀਡੀਆ ਨਾਲ ਗੱਲ ਕਰਦਿਆਂ ਨੌਦੀਪ ਨੇ ਦੋਸ਼ ਲਾਇਆ ਕਿ ਸ਼ਿਵ ਕੁਮਾਰ ਤੇ ਉਸ ਨੂੰ ਸੋਨੀਪਤ ਪੁਲੀਸ ਨੇ ਬਹੁਤ ਕੁੱਟਿਆ। ਨੌਦੀਪ ਮੁਤਾਬਕ ਜੇਲ੍ਹਾਂ ਵਿੱਚ ਕਈ ਔਰਤਾਂ ਦੀ ਹਾਲਤ ਬਦਤਰ ਹੈ ਤੇ ਉਸ ਉੱਪਰ ਵੀ ਪੁਲੀਸ ਨੇ ਬਹੁਤ ਤਸ਼ੱਦਦ ਢਾਹੇ। ਉਸ ਨੇ ਕਿਹਾ ਕਿ ਪੁਲੀਸ ਵੱਲੋਂ ਜਾਰੀ ਵੀਡੀਓ ਨਾਲ ਕਥਿਤ ਛੇੜ-ਛਾੜ ਕੀਤੀ ਗਈ, ਜਿਸ ਬਾਰੇ ਉਹ ਬਾਅਦ ਵਿੱਚ ਸਾਰੀ ਜਾਣਕਾਰੀ ਦੇਵੇਗੀ। ਉਸ ਖ਼ਿਲਾਫ਼ ਦਰਜ ਪਹਿਲੇ ਮਾਮਲੇ ਦਾ ਪਤਾ ਵੀ ਬਾਅਦ ਵਿੱਚ ਹੀ ਲੱਗਾ ਸੀ।
ਉਸ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਬਚਪਨ ਤੋਂ ਹੀ ਸੰਘਰਸ਼ਾਂ ਦਾ ਹਿੱਸਾ ਬਣਦੀ ਆਈ ਹੈ ਤੇ ਹਾਸ਼ੀਆਗਤ ਲੋਕਾਂ ਦੀ ਹਾਲਤ ਉਸ ਨੇ ਮਹਿਸੂਸ ਕੀਤੀ ਹੈ। ਉਸ ਨੇ ਦੱਸਿਆ ਕਿ 14 ਦਿਨ ਬਾਅਦ ਉਸ ਦਾ ਮੈਡੀਕਲ ਹੋਇਆ ਪਰ ਉਦੋਂ ਤਕ ਤਸ਼ੱਦਦ ਕਾਰਨ ਲੱਗੀਆਂ ਕਈ ਸੱਟਾਂ ਠੀਕ ਹੋ ਚੁੱਕੀਆਂ ਸਨ। ਮੈਡੀਕਲ ਨਾ ਕਰਵਾਉਣ ਬਾਰੇ ਪੁਲੀਸ ਦੀ ਥਿਊਰੀ ਨੂੰ ਉਸ ਨੇ ਗ਼ਲਤ ਕਰਾਰ ਦਿੱਤਾ। ਉਸ ਨੇ ਕਿਹਾ ਕਿ ਕੁੰਡਲੀ ਦੀ ਮਜ਼ਦੂਰ ਸੰਸਥਾ 3 ਸਾਲ ਪਹਿਲਾਂ ਬਣੀ ਸੀ ਤੇ ਉਹ ਕੁਝ ਮਹੀਨੇ ਪਹਿਲਾਂ ਹੀ ਉਸ ਨਾਲ ਜੁੜੀ ਸੀ। ਉਹ ਸਿੰਘੂ, ਗਾਜ਼ੀਪੁਰ ਤੇ ਹੋਰ ਹੱਦਾਂ ’ਤੇ ਵੀ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰੇਗੀ।