ਸੋਨੀਪਤ, 22 ਫਰਵਰੀ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਲੋਕ ਜੁੜਦੇ ਹਨ ਤਾਂ ਸਰਕਾਰਾਂ ਬਦਲ ਜਾਂਦੀਆਂ ਹਨ। ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਬਾਰੇ ਕੇਂਦਰੀ ਮੰਤਰੀ ਤੋਮਰ ਨੇ ਟਿੱਪਣੀ ਕੀਤੀ ਸੀ ਕਿ ਭੀੜਾਂ ਜੁਟਾਉਣ ਨਾਲ ਕਾਨੂੰਨ ਰੱਦ ਨਹੀਂ ਹੋਣ ਵਾਲੇ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਨੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਖਰਖੋੜਾ ਪਿੰਡ ਵਿੱਚ ‘ਕਿਸਾਨ ਮਹਾਪੰਚਾਇਤ’ ਨੂੰ ਸੰਬੋਧਨ ਕਰਦਿਆਂ ਕੇਂਦਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਉਸ ਨੂੰ ਸੱਤਾ ਵਿੱਚ ਰਹਿਣਾ ਔਖਾ ਹੋ ਜਾਵੇਗਾ। ਕੇਂਦਰੀ ਮੰਤਰੀ ਨੇ ਐਤਵਾਰ ਨੂੰ ਗਵਾਲੀਅਰ ਵਿੱਚ ਕਿਹਾ ਸੀ ਕਿ ਸਰਕਾਰ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਅਤੇ ਸਿਰਫ਼ ਭੀੜਾਂ ਜੁਟਾਉਣ ਨਾਲ ਕਾਨੂੰਨ ਰੱਦ ਨਹੀਂ ਹੋਣੇ। ਟਿਕੈਤ ਨੇ ਜਵਾਬੀ ਹਮਲਾ ਬੋਲਦਿਆਂ ਕਿਹਾ, ‘‘ਉਨ੍ਹਾਂ ਦਾ ਦਿਮਾਗ਼ ਖ਼ਰਾਬ ਹੋ ਗਿਆ ਹੈ। ਜਦੋਂ ਭੀੜਾਂ ਜੁੜਦੀਆਂ ਹਨ ਤਾਂ ਸਰਕਾਰਾਂ ਬਦਲ ਜਾਂਦੀਆਂ ਹਨ।’’ ਉਨ੍ਹਾਂ ਕਿਹਾ, ‘‘ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਕਿਸਾਨ ਆਪਣੀਆਂ ਫ਼ਸਲਾਂ ਨਸ਼ਟ ਕਰ ਸਕਦੇ ਹਨ ਤਾਂ ਉਨ੍ਹਾਂ ਸਾਹਮਣੇ ਤੁਸੀਂ ਕੀ ਚੀਜ਼ ਹੋ।’’ ਰਾਕੇਸ਼ ਟਿਕੈਤ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਨੌਹਰ ਵਿੱਚ ‘ਕਿਸਾਨ ਮਹਾਪੰਚਾਇਤ’ ਦੌਰਾਨ ਕਿਹਾ ਕਿ ਇਹ ਅੰਦੋਲਨ ਲੰਮਾ ਚੱਲ ਸਕਦਾ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ‘ਲੁਟੇਰਿਆਂ ਦੇ ਬਾਦਸ਼ਾਹ’ ਨੂੰ ਦਿੱਲੀ ਤੋਂ ਚੱਲਦਾ ਕਰਨ। ਕਿਸੇ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ, ‘‘ਉਹ ਲੁਟੇਰਿਆਂ ਦਾ ਆਖ਼ਰੀ ਬਾਦਸ਼ਾਹ ਹੈ। ਉਸ ਨੂੰ ਦਿੱਲੀ ਤੋਂ ਬਾਹਰ ਕੱਢਣਾ ਹੋਵੇਗਾ।’’ਉਧਰ ਸੰਯੁਕਤ ਕਿਸਾਨ ਮੋਰਚੇ ਨੇ ਖੇਤੀਬਾੜੀ ਮੰਤਰੀ ਦੀ ਇਸ ਟਿੱਪਣੀ ਨੂੰ ਕਿਸਾਨਾਂ ਲਈ ਅਪਮਾਨਜਨਕ ਕਰਾਰ ਦਿੱਤਾ ਹੈ। ਮੋਰਚੇ ਨੇ ਬਿਆਨ ਵਿੱਚ ਜਾਰੀ ਕਰਕੇ ਕਿਹਾ ਕਿ ਇਹ ਪ੍ਰਦਰਸ਼ਨ ‘ਡੂੰਘੀ ਚਿੰਤਾ’ ਅਤੇ ਗੁੱਸੇ ਦਾ ਨਤੀਜਾ ਹੈ, ਜਿਸ ਨੂੰ ਕਿਸਾਨਾਂ ਵਿੱਚ ਸਰਕਾਰ ਨੇ ਹੀ ਪੈਦਾ ਕੀਤਾ ਹੈ। -ਪੀਟੀਆਈ