ਮੁੰਬਈ, 5 ਜੂਨ
ਨੋਬੇਲ ਪੁਰਸਕਾਰ ਨਾਲ ਸਨਮਾਨਿਤ ਅਰਥਸ਼ਾਸਤਰੀ ਅਮਰਤਿਆ ਸੇਨ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ‘ਭਰਮ’ ’ਚ ਰਹਿੰਦਿਆਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਕੰਮ ਕਰਨ ਦੀ ਬਜਾਏ ਆਪਣੇ ਕੰਮਾਂ ਦਾ ਸਿਹਰਾ ਲੈਣ ’ਤੇ ਧਿਆਨ ਕੇਂਦਰਿਤ ਕੀਤਾ ਜਿਸ ਨਾਲ ‘ਸਕਿਜ਼ੋਫਰੇਨੀਆ’ ਜਿਹੀ ਹਾਲਤ ਬਣ ਗਈ ਅਤੇ ਕਈ ਮੁਸ਼ਕਲਾਂ ਖੜ੍ਹੀਆਂ ਹੋਈਆਂ। ਸਕਿਜ਼ੋਫਰੇਨੀਆ ਇਕ ਗੰਭੀਰ ਮਨੋਰੋਗ ਹੈ ਜਿਸ ’ਚ ਰੋਗੀ ਹਕੀਕੀ ਅਤੇ ਕਾਲਪਨਿਕ ਸੰਸਾਰ ’ਚ ਫਰਕ ਨਹੀਂ ਕਰ ਸਕਦਾ। ਉੱਘੇ ਅਰਥਸ਼ਾਸਤਰੀ ਨੇ ਸ਼ੁੱਕਰਵਾਰ ਦੇਰ ਸ਼ਾਮ ਰਾਸ਼ਟਰ ਸੇਵਾ ਦਲ ਵੱਲੋਂ ਕਰਵਾਏ ਗਏ ਇਕ ਪ੍ਰੋਗਰਾਮ ’ਚ ਕਿਹਾ ਕਿ ਭਾਰਤ ਆਪਣੀ ਦਵਾਈ ਨਿਰਮਾਣ ਦੇ ਹੁਨਰ ਅਤੇ ਵਧੀਆ ਇਮਿਊਨਿਟੀ ਦੇ ਸਹਾਰੇ ਮਹਾਮਾਰੀ ਨਾਲ ਲੜਨ ਦੇ ਕਾਬਿਲ ਸੀ। ਸੇਨ ਦੀਆਂ ਇਹ ਟਿੱਪਣੀਆਂ ਕਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੇ ਪਿਛੋਕੜ ’ਚ ਆਈਆਂ ਹਨ। ਸ੍ਰੀ ਸੇਨ ਨੇ ਕਿਹਾ ਕਿ ਸਰਕਾਰ ਦੇ ਭਰਮ ’ਚ ਹੋਣ ਕਾਰਨ ਉਹ ਆਪਣੀ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਸਕੀ। ਹਾਰਵਰਡ ਯੂਨੀਵਰਸਿਟੀ ’ਚ ਇਕਨੌਮਿਕਸ ਅਤੇ ਫਿਲਾਸਫੀ ਦੇ ਪ੍ਰੋਫੈਸਰ ਸੇਨ ਨੇ 1769 ’ਚ ਐਡਮ ਸਮਿਥ ਵੱਲੋਂ ਲਿਖੇ ਇਕ ਲੇਖ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸ ਨੂੰ ਸਿਹਰਾ ਮਿਲਦਾ ਹੈ ਅਤੇ ਸਿਹਰਾ ਕਈ ਵਾਰ ਇਕ ਸੰਕੇਤ ਹੁੰਦਾ ਹੈ ਕਿ ਕੋਈ ਵਿਅਕਤੀ ਕਿੰਨਾ ਚੰਗਾ ਕੰਮ ਕਰ ਰਿਹਾ ਹੈ। ਸ੍ਰੀ ਸੇਨ ਨੇ ਕਿਹਾ,‘‘ਪਰ ਸਿਹਰਾ ਲੈਣ ਦੀ ਕੋਸ਼ਿਸ਼ ਕਰਨਾ ਅਤੇ ਵਧੀਆ ਕੰਮ ਨਾ ਕਰਨਾ ਬੌਧਿਕ ਪੱਧਰ ’ਤੇ ਨਾਸਮਝੀ ਦਾ ਪੱਧਰ ਦਰਸਾਉਂਦਾ ਹੈ ਜਿਸ ਤੋਂ ਬਚਣਾ ਚਾਹੀਦਾ ਹੈ। ਭਾਰਤ ਨੇ ਇਹੋ ਕਰਨ ਦੀ ਕੋਸ਼ਿਸ਼ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਤੋਂ ਹੀ ਸਮਾਜਿਕ ਗ਼ੈਰ-ਬਰਾਬਰੀ, ਹੌਲੀ ਵਿਕਾਸ ਦਰ ਅਤੇ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ ਜੋ ਇਸ ਮਹਾਮਾਰੀ ਦੌਰਾਨ ਵਧ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸਬੰਧੀ ਹੱਦਾਂ ਦੇ ਸ਼ੁਰੂਆਤੀ ਪੱਧਰ ’ਤੇ ਲੱਛਣਾਂ ਅਤੇ ਇਲਾਜ ਦੇ ਪ੍ਰੋਟੋਕੋਲ ਪਤਾ ਲਗਾਉਣ ’ਚ ਮੁਸ਼ਕਲਾਂ ਪੈਦਾ ਹੋਈਆਂ। ਉਨ੍ਹਾਂ ਸਿਹਤ ਸੰਭਾਲ ਅਤੇ ਸਿੱਖਿਆ ਦੇ ਖੇਤਰ ਨਾਲ ਹੀ ਅਰਥਚਾਰੇ ਅਤੇ ਸਮਾਜਿਕ ਨੀਤੀਆਂ ’ਚ ਵੀ ਵੱਡੇ ਹਾਂ-ਪੱਖੀ ਬਦਲਾਅ ਦੀ ਪੈਰਵੀ ਕੀਤੀ ਹੈ। -ਪੀਟੀਆਈ