ਨਵੀਂ ਦਿੱਲੀ, 2 ਮਾਰਚ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਸਰਕਾਰ ਨੂੰ ਸਪੱਸ਼ਟ ਦੱਸਣਾ ਚਾਹੀਦਾ ਹੈ ਕਿ ਉਹ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਨੂੰ ਕਿਵੇਂ ਕੱਢੇਗੀ। ਉਨ੍ਹਾਂ ਕਿਹਾ ਕਿ ਫਸੇ ਹੋਏ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਸਰਕਾਰ ਸਪੱਸ਼ਟ ਤੌਰ ’ਤੇ ਆਪਣੀ ਰਣਨੀਤੀ ਬਾਰੇ ਜਾਣੂ ਕਰਾਏ। ਇਸ ਤੋਂ ਇਲਾਵਾ ਕਾਂਗਰਸ ਆਗੂ ਨੇ ਕਿਹਾ ਕਿ ਕੇਂਦਰ ਨੂੰ ਹੁਣ ਤੱਕ ਕੱਢੇ ਗਏ ਅਤੇ ਹਾਲੇ ਵੀ ਉੱਥੇ ਫਸੇ ਵਿਦਿਆਰਥੀਆਂ ਦੀ ਗਿਣਤੀ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਭਾਰਤੀ ਵਿਦਿਆਰਥੀਆਂ ਨੂੰ ਕੱਢਣ ਵਿਚ ਹੋਈ ਦੇਰੀ ’ਤੇ ਕਾਂਗਰਸ ਸਵਾਲ ਉਠਾ ਰਹੀ ਹੈ ਤੇ ਸਰਕਾਰ ਵੱਲੋਂ ਸਮੇਂ ਸਿਰ ਕਦਮ ਨਾ ਚੁੱਕਣ ਦੀ ਆਚੋਲਨਾ ਕੀਤੀ ਹੈ। ਰਾਹੁਲ ਨੇ ਟਵੀਟ ਕੀਤਾ, ‘ਹੋਰ ਕੋਈ ਤ੍ਰਾਸਦੀ ਟਾਲਣ ਲਈ, ਸਰਕਾਰ ਜ਼ਰੂਰ ਦੱਸੇ: ਕਿੰਨੇ ਵਿਦਿਆਰਥੀ ਕੱਢ ਲਏ ਗਏ ਹਨ ਤੇ ਕਿੰਨੇ ਬਾਕੀ ਹਨ। ਖੇਤਰਾਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਉੱਥੋਂ ਕੱਢਣ ਦੀ ਯੋਜਨਾ ਬਾਰੇ ਦੱਸਿਆ ਜਾਵੇ।’ -ਪੀਟੀਆਈ