ਪਣਜੀ, 2 ਦਸੰਬਰ
ਗੋਆ ਦੇ ਵਿਰਾਸਤੀ ਜ਼ੋਨ ’ਚ ਵਿਵਾਦਤ ਬੰਗਲੇ ਖ਼ਿਲਾਫ਼ ਜਾਰੀ ਪ੍ਰਦਰਸ਼ਨਾਂ ਦਰਮਿਆਨ ਕਾਂਗਰਸ ਨੇ ਮੰਗ ਕੀਤੀ ਹੈ ਕਿ ਗੋਆ ਸਰਕਾਰ ਇਸ ਪ੍ਰਾਜੈਕਟ ਨੂੰ ਜਾਂ ਤਾਂ ਖ਼ਤਮ ਕਰੇ ਜਾਂ ਭਾਜਪਾ ਦੀ ਕੌਮੀ ਤਰਜਮਾਨ ਸ਼ਾਇਨਾ ਐੱਨਸੀ, ਜਿਸ ਦੇ ਪਤੀ ਮਨੀਸ਼ ਮੁਨੋਤ ਨੇ ਪ੍ਰਾਜੈਕਟ ਦੀ ਉਸਾਰੀ ਕੀਤੀ ਹੈ, ਨੂੰ ਫੌਰੀ ਇਸ ਨੂੰ ਢਾਹੁਣ ਲਈ ਕਹੇ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਗੋਆ ਮਾਮਲਿਆਂ ਦੇ ਇੰਚਾਰਜ ਦਿਨੇਸ਼ ਗੁੰਡੂ ਰਾਓ ਨੇ ਕਿਹਾ ਕਿ ਸਰਕਾਰ ਨੂੰ ਸਰਕਾਰੀ ਅਧਿਕਾਰੀਆਂ ਦੇ ਨਾਲ ਨਾਲ ਮੰਤਰੀ ਚੰਦਰਕਾਂਤ ਕਾਵੇਲਕਰ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਪ੍ਰਾਜੈਕਟ ਦੀ ਕਥਿਤ ਗੈਰਕਾਨੂੰਨੀ ਉਸਾਰੀ ਦੀ ਇਜਾਜ਼ਤ ਦਿੱਤੀ ਸੀ। ਇਹ ਪ੍ਰਾਜੈਕਟ ਓਲਡ ਗੋਆ ਏਰੀਆ ’ਚ ਬਣਿਆ ਹੈ ਜਿਸ ਨੂੰ ਯੂਨੈਸਕੋ ਨੇ ਵਿਸ਼ਵ ਵਿਰਾਸਤ ਦੀ ਸੁਰੱਖਿਅਤ ਸੂਚੀ ਦਾ ਦਰਜਾ ਦਿੱਤਾ ਹੋਇਆ ਹੈ। ਇਸ ਪ੍ਰਾਜੈਕਟ ਦਾ ਕੰਮ ਮੁਨੋਤ ਅਤੇ ਗੋਆ ਫਾਰਵਰਡ ਪਾਰਟੀ ਦੇ ਸਾਬਕਾ ਖਜ਼ਾਨਚੀ ਸੂਰਜ ਲੋਟਲਿਕਰ ਦੀ ਪਤਨੀ ਸੁਵਰਨਾ ਲੋਟਲਿਕਰ ਵੱਲੋਂ ਕਰਵਾਇਆ ਗਿਆ ਸੀ ਪਰ ਸ਼ਾਇਨਾ ਐੱਨਸੀ ਨੇ ਕਿਹਾ ਕਿ ਉਨ੍ਹਾਂ ਦਾ ਇਸ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। -ਆਈਏਐਨਐਸ