ਨਵੀਂ ਦਿੱਲੀ, 4 ਮਈ
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਉਸ ਨੇ ਅਗਲੇ ਸਾਲ ਤੋਂ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਤਹਿਤ ਪੋਸ਼ਕ ਤੱਤਾਂ ਨਾਲ ਭਰਪੂਰ ਕੀਤੇ ਚੌਲਾਂ ਦੀ ਸਪਲਾਈ ਵਧਾਉਣ ਲਈ ਸੂਬਿਆਂ ਦੀ ਮੰਗ ’ਤੇ ਮੁਫ਼ਤ ਰਾਸ਼ਨ ਸਕੀਮ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਤਹਿਤ ਕਣਕ ਦੀ ਜਗ੍ਹਾ 55 ਲੱਖ ਟਨ ਵਾਧੂ ਚੌਲਾਂ ਦੀ ਵੰਡ ਕੀਤੀ ਹੈ। ਖਾਧ ਸਕੱਤਰ ਸੁਧਾਂਸੂ ਪਾਂਡੇ ਨੇ ਸਪੱਸ਼ਟ ਕੀਤਾ ਕਿ ਅਜਿਹਾ ਉਤਪਾਦਨ ਵਿੱਚ ਸੰਭਾਵਿਤ ਗਿਰਾਵਟ ਅਤੇ ਨਿਰਯਾਤ ਵਿੱਚ ਵਾਧੇ ਮਗਰੋਂ ਸਰਕਾਰ ਦੀ ਕਣਕ ਖਰੀਦ ਵਿੱਚ ਸੰਭਾਵਿਤ ਗਿਰਾਵਟ ਦੇ ਮੱਦੇਨਜ਼ਰ ਨਹੀਂ ਕੀਤਾ ਜਾ ਰਿਹਾ। ਪਾਂਡੇ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਰਗੇ ਕਣਕ ਖਪਤ ਵਾਲੇ ਰਾਜਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕਣਕ ਮਿਲਦੀ ਰਹੇਗੀ। ਉਨ੍ਹਾਂ ਮੁਤਾਬਕ ਪੀਐੱਮਜੀਕੇਏਵਾਈ ਤਹਿਤ ਕਣਕ ਦੀ ਜਗ੍ਹਾ ਵਾਧੂ ਚੌਲ ਮੁਹੱਈਆ ਕਰਵਾਉਣ ਦਾ ਫੈਸਲਾ ਸਾਰੇ ਸੂਬਿਆਂ ਨਾਲ ਸਲਾਹ-ਮਸ਼ਵਰੇ ਮਗਰੋਂ ਲਿਆ ਗਿਆ ਹੈ ਅਤੇ ਵਾਧੂ ਸਬਸਿਡੀ ਦਾ ਬੋੜ ਲਗਭਗ 4,800 ਕਰੋੜ ਰੁਪਏ ਹੋਵੇਗਾ। -ਪੀਟੀਆਈ