ਨਵੀਂ ਦਿੱਲੀ, 28 ਅਕਤੂਬਰ
ਸਰਕਾਰ ਨੇ ਫੇਸਬੁੱਕ ਨੂੰ ਪੱਤਰ ਲਿਖ ਕੇ ਸੋਸ਼ਲ ਮੀਡੀਆ ਕੰਪਨੀ ਵੱਲੋਂ ਵਰਤੇ ਜਾਣ ਵਾਲੇ ਅਲਗੋਰਿਦਮ ਅਤੇ ਪ੍ਰਕਿਰਿਆਵਾਂ ਦੇ ਵੇਰਵੇ ਮੰਗੇ ਹਨ। ਇਹ ਕਦਮ ਅਹਿਮੀਅਤ ਰਖਦਾ ਹੈ ਕਿਉਂਕਿ ਹੁਣੇ ਜਿਹੇ ਸਾਹਮਣੇ ਆਏ ਫੇਸਬੁੱਕ ਦੇ ਅੰਦਰੂਨੀ ਦਸਤਾਵੇਜ਼ ਦਸਦੇ ਹਨ ਕਿ ਕੰਪਨੀ ਆਪਣੇ ਸਭ ਤੋਂ ਵੱਡੇ ਬਾਜ਼ਾਰ ਭਾਰਤ ’ਚ ਗੁੰਮਰਾਹਕੁਨ ਸੂਚਨਾਵਾਂ, ਨਫ਼ਰਤ ਵਾਲੇ ਭਾਸ਼ਨ ਅਤੇ ਹਿੰਸਾ ’ਤੇ ਜ਼ਸਨ ਮਨਾਉਣ ਜਿਹੀ ਸਮੱਗਰੀ ਪਾਉਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਅਮਰੀਕੀ ਮੀਡੀਆ ’ਚ ਆਈਆਂ ਰਿਪੋਰਟਾਂ ਮੁਤਾਬਕ ਸੋਸ਼ਲ ਮੀਡੀਆ ਦੇ ਖੋਜੀਆਂ ਨੇ ਦੱਸਿਆ ਹੈ ਕਿ ਅਜਿਹੇ ਗਰੁੱਪ ਅਤੇ ਪੇਜ ਹਨ ਜੋ ਗੁੰਮਰਾਹਕੁਨ, ਭੜਕਾਊ ਅਤੇ ਮੁਸਿਲਮ ਵਿਰੋਧੀ ਸਮਗੱਰੀ ਨਾਲ ਭਰੇ ਹੋਏ ਹਨ। ਸੂਤਰਾਂ ਨੇ ਕਿਹਾ ਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਫੇਸਬੁੱਕ ਨੂੰ ਪੱਤਰ ਲਿਖ ਕੇ ਕੰਪਨੀ ਵੱਲੋਂ ਵਰਤੇ ਜਾਣ ਵਾਲੇ ਐਲਗੋਰਿਦਮ ਅਤੇ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਮੰਗੀ ਹੈ। ਸਰਕਾਰ ਨੇ ਫੇਸਬੁੱਕ ਦੇ ਵਰਤੋਂਕਾਰਾਂ ਦੀ ਸੁਰੱਖਿਆ ਲਈ ਉਠਾਏ ਗਏ ਕਦਮਾਂ ਦਾ ਬਿਉਰਾ ਵੀ ਦੇਣ ਨੂੰ ਕਿਹਾ ਹੈ। ਸੰਪਰਕ ਕਰਨ ’ਤੇ ਫੇਸਬੁੱਕ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਭਾਰਤ ਨੇ ਇਸ ਵਰ੍ਹੇ ਦੀ ਸ਼ੁਰੂਆਤ ’ਚ ਨਵੇਂ ਆਈਟੀ ਨੇਮ ਲਾਗੂ ਕੀਤੇ ਹਨ ਜਿਨ੍ਹਾਂ ਦਾ ਉਦੇਸ਼ ਸੋਸ਼ਲ ਮੀਡੀਆ ਦੀ ਵਧੇਰੇ ਜਵਾਬਦੇਹੀ ਤੈਅ ਕਰਨਾ ਹੈ। -ਪੀਟੀਆਈ