ਬਾਰਾਬਾਂਕੀ (ਉਤਰ ਪ੍ਰਦੇਸ਼), 24 ਫਰਵਰੀ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ‘ਪਿੰਜਰੇ ਦਾ ਤੋਤਾ’ ਕਰਾਰ ਦਿੰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਹੋ ਸਕਦਾ ਹੈ, ਜੇ ਉਨ੍ਹਾਂ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਆਜ਼ਾਦੀ ਦਿੱਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ‘ਜਿੱਦ’ ਫੜੀ ਹੋਈ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ਸ਼ੀਲ ਕਿਸਾਨ ਆਪਣੀਆਂ ਮੰਗਾਂ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਇੱਥੇ ‘ਕਿਸਾਨ ਮਹਾਪੰਚਾਇਤ’ ਨੂੰ ਸੰਬੋਧਨ ਕਰਦਿਆਂ ਨਰੇਸ਼ ਟਿਕੈਤ ਨੇ ਕਿਹਾ, ‘‘ਸਰਕਾਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪਿੰਜਰੇ ਦਾ ਤੋਤਾ ਬਣਾ ਰੱਖਿਆ ਹੈ। ਜੇ ਉਨ੍ਹਾਂ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਆਜ਼ਾਦ ਕੀਤਾ ਜਾਂਦਾ ਹੈ ਤਾਂ ਮੈਂ ਗਾਰੰਟੀ ਦੇ ਸਕਦਾ ਹਾਂ ਕਿ ਉਹ ਇੱਕ ਫ਼ੈਸਲੇ ਨਾਲ ਮਸਲਾ ਹੱਲ ਕਰ ਦੇਣਗੇ ਅਤੇ ਭਾਜਪਾ ਦੀ ਸਾਖ਼ ਵੀ ਬਣੀ ਰਹੇਗੀ।’’ ਉਨ੍ਹਾਂ ਕਿਹਾ ਕਿ ਕਿਸਾਨ ਰੱਖਿਆ ਮੰਤਰੀ ਦਾ ਸਤਿਕਾਰ ਕਰਦੇ ਹਨ, ਪਰ ਕਿਸਾਨਾਂ ਦਾ ਮਸਲਾ ਸੁਲਝਾਉਣ ਲਈ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਜਾ ਰਿਹਾ। -ਪੀਟੀਆਈ