ਨਵੀਂ ਦਿੱਲੀ, 27 ਮਈ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇੱਥੇ ਦੇਸ਼ ਵਿੱਚ ਕਰੋਨਾ ਵੈਕਸੀਨ ਦੀ ਘਾਟ ਸਬੰਧੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਹੈਰਾਨੀ ਪ੍ਰਗਟਾਈ ਕਿ ਵੈਕਸੀਨ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੇ ਬਾਵਜੂਦ ਭਾਰਤ ਨੂੰ ਵੈਕਸੀਨ ਦੀ ਘਾਟ ਦਾ ਸਾਹਮਣਾ ਕਿਵੇਂ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਲੋਕਾਂ ਨੂੰ ਜੁਆਬ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਪ੍ਰਿਯੰਕਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ 30 ਸੈਕਿੰਡ ਦੀ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਕੇਂਦਰ ਸਰਕਾਰ ਨੂੰ ਸੁਆਲ ਕਰਦੀ ਸਣਾਈ ਦੇ ਰਹੀ ਹੈ ਕਿ ਦੁਨੀਆ ਭਰ ਵਿੱਚ ਵੈਕਸੀਨ ਬਣਾਉਣ ਵਾਲੇ ਪ੍ਰਮੁੱਖ ਨਿਰਮਾਤਾਵਾਂ ਵਿੱਚੋਂ ਇੱਕ ਭਾਰਤ ਵਿੱਚ ਵੈਕਸੀਨ ਦੀ ਘਾਟ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ? ਉਨ੍ਹਾਂ ਹੈਰਾਨੀ ਪ੍ਰਗਟਾਈ, ‘‘ਜਦੋਂ ਦੂਜੇ ਦੇਸ਼ਾਂ ਨੇ 2020 ਦੀਆਂ ਗਰਮੀਆਂ ਵਿੱਚ ਹੀ ਵੈਕਸੀਨ ਲਈ ਆਰਡਰ ਦਿੱਤੇ ਸਨ ਤਾਂ ਭਾਰਤ ਨੇ ਆਪਣਾ ਆਰਡਰ ਜਨਵਰੀ 2021 ਵਿੱਚ ਕਿਉਂ ਦਿੱਤਾ?’’ ਉਨ੍ਹਾਂ ਅੱਗੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਭਾਰਤ ਨੇ ਛੇ ਕਰੋੜ ਵੈਕਸੀਨ ਦੂਜੇ ਦੇਸ਼ਾਂ ਨੂੰ ਕਿਉਂ ਭੇਜੀ? ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਕੋਲ ਲੋਕਾਂ ਦੇ ਸੁਆਲਾਂ ਦਾ ਜੁਆਬ ਹੈ ਅਤੇ ਸਾਨੂੰ ਸੁਆਲ ਪੁੱਛਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਜੁਆਬ ਦੇਣਾ ਪਵੇਗਾ। ਕਾਂਗਰਸੀ ਆਗੂ ਟੀਕਿਆਂ ਦੀ ਘਾਟ ਦੇ ਮੁੱਦੇ ’ਤੇ ਲਗਾਤਾਰ ਸਰਕਾਰ ਨੂੰ ਘੇਰਦੀ ਆ ਰਹੀ ਹੈ। ਬੀਤੇ ਦਿਨ ਵੀ ਉਨ੍ਹਾਂ ਦੇਸ਼ ਭਰ ਵਿੱਚ ਸ਼ੁਰੂ ਕੀਤੀ ਮੁਹਿੰਮ ‘ਜ਼ਿੰਮੇਦਾਰ ਕੌਣ’ ਤਹਿਤ ਸਰਕਾਰ ਨੂੰ ਟੀਕਿਆਂ ਦੀ ਘਾਟ ਬਾਰੇ ਪੁੱਛਿਆ ਸੀ। -ਪੀਟੀਆਈ