ਨਵੀਂ ਦਿੱਲੀ, 12 ਸਤੰਬਰ
ਸਰਕਾਰ ਟੋਲ ਪਲਾਜ਼ਾ ’ਤੇ ਵਾਹਨਾਂ ਦੀ ਭੀੜ ਘਟਾਉਣ ਅਤੇ ਵਾਹਨ ਚਾਲਕਾਂ ਨੂੰ ਟੋਲ ਦੇਣ ਦੇ ਤਰੀਕੇ ਵਿੱਚ ਰਾਹਤ ਦੇਣ ਲਈ ਇਕ ਸਵੈਚਾਲਿਕ ਨੰਬਰ ਪਲੇਟ ਪਛਾਣ ਤਕਨੀਕ ’ਤੇ ਕੰਮ ਕਰ ਰਹੀ ਹੈ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਲਈ ਸਰਕਾਰ ਇਕ ਪਾਇਲਟ ਪ੍ਰਾਜੈਕਟ ’ਤੇ ਕੰਮ ਕਰ ਰਹੀ ਹੈ, ਜਿਸ ਰਾਹੀਂ ਸ਼ਾਹਰਾਹਾਂ ’ਤੇ ਚੱਲਣ ਵਾਲੇ ਵਾਹਨਾਂ ਤੋਂ ਇਕ ਨਿਸ਼ਚਿਤ ਦੂਰੀ ਦੇ ਆਧਾਰ ’ਤੇ ਟੈਕਸ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਸੂਰਜੀ ਊਰਜਾ ਨਾਲ ਚੱਲਣ ਵਾਲੇ ਬਿਜਲੀ ਸ਼ਾਹਰਾਹ ਵੀ ਬਣਾ ਰਹੀ ਹੈ ਜਿਸ ’ਤੇ ਭਾਰੀ ਟਰੱਕਾਂ ਅਤੇ ਬੱਸਾਂ ਨੂੰ ਚਾਰਜਿੰਗ ਦੀ ਸਹੂਲਤ ਮਿਲੇਗੀ। ਉਹ ਇੰਡੋ ਐਮਰੀਕਨ ਚੈਂਬਰ ਆਫ ਕਾਮਰਸ ਵੱਲੋਂ ਕਰਵਾਏ ਇਕ ਸਮਾਗਮ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਭਾਰਤ ਦਾ ਟਰਾਂਸਪੋਰਟ ਸਿਸਟਮ ਬਿਜਲੀ ਅਧਾਰਤ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ, ‘‘ ਟਰਾਂਸਪੋਰਟ ਮੰਤਰਾਲਾ ਵਾਹਨਾਂ ਨੂੰ ਬਿਨਾਂ ਰੋਕੇ ਸਵੈਚਾਲਿਤ ਟੋਲ ਕੁਲੈਕਸ਼ਨ ਤਕਨੀਕ ਰਾਹੀਂ ਆਟੋਮੇਟਿਡ ਨੰਬਰ ਪਲੇਟ ਪਛਾਣ ਤਕਨੀਕ ਦੇ ਇਕ ਪਾਇਲਟ ਪ੍ਰਾਜੈਕਟ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਤਕਨੀਕ ਨਾਲ ਅਸੀਂ ਦੋ ਚੀਜ਼ਾਂ ਕਰਨਾ ਚਾਹੁੰਦੇ ਹਾਂ- ਟੋਲ ਬੂਥ ’ਤੇ ਬਿਨਾਂ ਰੁਕੇ ਆਵਾਜਾਈ ਅਤੇ ਵਰਤੋਂ ਅਨੁਸਾਰ ਭੁਗਤਾਨ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ’ਤੇ 2018-19 ਦੌਰਾਨ ਵਾਹਨਾਂ ਦਾ ਔਸਤ ਵੇਟਿੰਗ ਟਾਈਮ 8 ਮਿੰਟ ਸੀ ਜੋ ਫਾਸਟ ਟੈਗ ਬਾਅਦ ਘਟ ਕੇ 47 ਸਕਿੰਟ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਸੁਚਾਰੂ ਤੇ ਸੁਰੱਖਿਅਤ ਆਵਾਜਾਈ ਲਈ ਨਵੇਂ ਬਣ ਰਹੇ ਕੌਮੀ ਮਾਰਗਾਂ ਅਤੇ ਮੌਜੂਦਾ ਫੋਰ ਲੇਨ ਸ਼ਾਹਰਾਹਾਂ ’ਤੇ ਉੱਨਤ ਆਵਾਜਾਈ ਪ੍ਰਬੰਧਨ ਪ੍ਰਣਾਲੀ ਸਥਾਪਤ ਕੀਤੀ ਜਾ ਰਹੀ ਹੈ। -ਏਜੰਸੀ