ਨਵੀਂ ਦਿੱਲੀ, 13 ਦਸੰਬਰ
ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਨੇ ਅੱਜ ਕਿਹਾ ਕਿ ਸਰਕਾਰ ਜਲਦੀ ਹੀ ਤਰੀਕ ਬਾਰੇ ਫੈਸਲਾ ਕਰਕੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਅਗਲੇ ਗੇੜ ਦੀ ਗੱਲਬਾਤ ਲਈ ਸੱਦਾ ਭੇਜੇਗੀ। ਖੇਤੀ ਮੰਤਰਾਲੇ ’ਚ ਰਾਜ ਮੰਤਰੀ ਚੌਧਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਮੀਟਿੰਗ ਜਲਦੀ ਹੀ ਸੱਦੀ ਜਾਵੇਗੀ। ਅਸੀਂ ਵਿਚਾਰ ਚਰਚਾ ਲਈ ਤਿਆਰ ਹਾਂ। ਪਰ ਅਜੇ ਤੱਕ ਤਰੀਕ ਫਾਈਨਲ ਨਹੀਂ ਹੋਈ। ਸਰਕਾਰ ਇਸ ਜਮੂਦ ਨੂੰ ਤੋੜਨ ਲਈ ‘ਕੋਈ ਹੱਲ’ ਕੱਢ ਲਏਗੀ। ਸਾਨੂੰ ਪੂਰਾ ਯਕੀਨ ਹੈ ਕਿ ਅਗਲੀ ਮੀਟਿੰਗ ’ਚ ਇਸ ਮਸਲੇ ਦਾ ਹੱਲ ਨਿਕਲ ਆਏਗਾ।’ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਤੇ ਕਿਸਾਨ ਯੂਨੀਅਨਾਂ ਦੇ 40 ਨੁਮਾਇੰਦਿਆਂ ਦਰਮਿਆਨ ਹੁਣ ਤੱਕ ਹੋਈ ਪੰਜ ਗੇੜਾਂ ਦੀ ਗੱਲਬਾਤ ਕਿਸੇ ਤਣ ਪੱਤਣ ਨਹੀਂ ਲੱਗ ਸਕੀ। -ਪੀਟੀਆਈ