ਪੱਤਰ ਪ੍ਰੇਰਕ
ਨਵੀਂ ਦਿੱਲੀ 6 ਜਨਵਰੀ
ਟਿਕਰੀ ਬਾਰਡਰ ’ਤੇ 41ਵੇਂ ਦਿਨ ਵਰ੍ਹਦੇ ਮੀਂਹ ਵਿੱਚ ਜੁੜੇ ਵਿਸ਼ਾਲ ਇਕੱਠ ਮੌਕੇ ਸੰਘਰਸ਼ਸ਼ੀਲ ਔਰਤ ਦੇ ਪ੍ਰਤੀਕ ਵਜੋਂ ਉਭਰੀ ਬਿਰਧ ਮਾਤਾ ਮਹਿੰਦਰਪਾਲ ਕੌਰ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਲੋਕਾਂ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਸਤਿਕਾਰ ਤੇ ਸਨਮਾਨ ਉਨ੍ਹਾਂ ਦੀ ਜ਼ਿੰਦਗੀ ਦੀ ਵੱਡਮੁੱਲੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਮਿਲਿਆ ਸਤਿਕਾਰ ਉਨ੍ਹਾਂ ਨੂੰ ਆਖ਼ਰੀ ਦਮ ਤੱਕ ਕਿਸਾਨੀ ਹਿੱਤਾਂ ਲਈ ਜੂਝਣ ਦੀ ਪ੍ਰੇਰਨਾ ਦਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਵੱਲੋਂ ਉਨ੍ਹਾਂ ਬਾਰੇ ਬੋਲੇ ਮੰਦੇ ਬੋਲ ਉਸਦੀ ਤਾਕਤ ਬਣੇ ਤੇ ਨੌਜਵਾਨਾਂ ਵੱਲੋਂ ਉਸ ਨੂੰ ਦਿੱਤੇ ਢੁਕਵੇਂ ਜਵਾਬ ਨੇ ਉਸਦੀ ਹੌਸਲਾ-ਅਫ਼ਜ਼ਾਈ ਕੀਤੀ।
ਉਨ੍ਹਾਂ ਕੇਂਦਰ ਸਰਕਾਰ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਲੋਕਾਂ ਨੂੰ ਵੱਡੀ ਗਿਣਤੀ ’ਚ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਸਮਾਜਿਕ ਕਾਰਕੁਨ ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਆਦਿ ਵਾਸੀ ਖੇਤਰਾਂ ’ਚ ਬਾਕਸਾਈਟ, ਕੋਲੇ ਤੇ ਲੋਹੇ ਵਰਗੀਆਂ ਧਾਤਾਂ ਨੂੰ ਕਾਰਪੋਰੇਟਾਂ ਨੂੰ ਲੁਟਾਉਣ ਲਈ ਸਰਕਾਰ ਉੱਥੋਂ ਦੇ ਲੋਕਾਂ ’ਤੇ ਜਬਰ ਢਾਹੁੰਦੀ ਆ ਰਹੀ ਹੈ। ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਹਰਿਆਣਾ ਦੇ ਪਿੰਡਾਂ ’ਚ ਟਰੈਕਟਰ ਮਾਰਚ ਕਰ ਕੇ ਲਾਮਬੰਦੀ ਦਾ ਘੇਰਾ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਡਾ. ਸਾਹਿਬ ਸਿੰਘ ਦਾ ਨਾਟਕ ‘ਸੰਮਾਂ ਵਾਲੀ ਡਾਂਗ’ ਖੇਡਿਆ ਗਿਆ।