ਲੰਡਨ: ਵੈਕਸੀਨ ਤਿਆਰ ਕਰਨ ਵਾਲੀ ਭਾਰਤ ਦੀ ਸਭ ਤੋਂ ਵੱਡੀ ਕੰਪਨੀ ‘ਸੀਰਮ ਇੰਸਟੀਚਿਊਟ’ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ ਹੈ ਕਿ ਕਰੋਨਾਵਾਇਰਸ ਟੀਕੇ ਦਾ ਸਾਰਾ ਭਾਰ ਉਨ੍ਹਾਂ ਦੇ ਮੋਢਿਆਂ ’ਤੇ ਪਾ ਦਿੱਤਾ ਗਿਆ ਹੈ, ਉਹ ਇਕੱਲੇ ਕੁਝ ਨਹੀਂ ਕਰ ਸਕਦੇ। ਪੂਨਾਵਾਲਾ ਨੇ ਕਿਹਾ ਕਿ ਦਬਾਅ ਬਹੁਤ ਵਧ ਗਿਆ ਹੈ ਕਿਉਂਕਿ ਵਾਇਰਸ ਦੀ ਦੂਜੀ ਲਹਿਰ ਵਿਚ ਮੰਗ ਬੇਹੱਦ ਵਧੀ ਹੈ। ਇਸੇ ਹਫ਼ਤੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ‘ਦਿ ਟਾਈਮਜ਼’ ਨਾਲ ਇਕ ਇੰਟਰਵਿਊ ਵਿਚ ਮੁੱਖ ਕਾਰਜਕਾਰੀ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤ ਦੇ ਕੁਝ ਸਭ ਤੋਂ ਤਾਕਤਵਰ ਲੋਕ ਗੁੱਸੇ ਭਰੇ ਫੋਨ ਕਰ ਰਹੇ ਹਨ, ‘ਕੋਵੀਸ਼ੀਲਡ’ ਦੀ ਸਪਲਾਈ ਮੰਗ ਰਹੇ ਹਨ। ਜ਼ਿਕਰਯੋਗ ਹੈ ਕਿ ‘ਕੋਵੀਸ਼ੀਲਡ’ ਵੈਕਸੀਨ ਭਾਰਤ ਵਿਚ ਸੀਰਮ ਇੰਸਟੀਚਿਊਟ ਵੱਲੋਂ ਬਣਾਇਆ ਜਾ ਰਿਹਾ ਹੈ। ਇਸ ਨੂੰ ਆਕਸਫੋਰਡ/ਐਸਟਰਾਜ਼ੈਨੇਕਾ ਨੇ ਵਿਕਸਤ ਕੀਤਾ ਹੈ। 40 ਸਾਲਾ ਉੱਦਮੀ ਨੇ ਕਿਹਾ ਕਿ ਇਸੇ ਦਬਾਅ ਕਾਰਨ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਲੰਡਨ ਆ ਗਏ ਹਨ। ਪੂਨਾਵਾਲਾ ਨੇ ਕਿਹਾ ‘ਅਜਿਹੇ ਹਾਲਾਤ ਵਿਚ ਮੈਂ ਵਾਪਸ ਭਾਰਤ ਨਹੀਂ ਜਾਣਾ ਚਾਹੁੰਦਾ ਤੇ ਲੰਡਨ ਹੀ ਰਹਾਂਗਾ। ਸਾਰਾ ਕੁਝ ਮੇਰੇ ਮੋਢਿਆਂ ’ਤੇ ਸੁੱਟ ਦਿੱਤਾ ਗਿਆ ਹੈ, ਮੈਂ ਇਕੱਲਾ ਸਭ ਕੁਝ ਨਹੀਂ ਕਰ ਸਕਦਾ। ਮੈਂ ਸਿਰਫ਼ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਤੇ ਕਿਉਂਕਿ ਤੁਸੀਂ ਕਿਸੇ ਐਕਸ, ਵਾਈ, ਜ਼ੈੱਡ ਦੀ ਲੋੜ ਪੂਰੀ ਨਹੀਂ ਕੀਤੀ, ਤੁਸੀਂ ਇਹ ਅੰਦਾਜ਼ੇ ਲਾਉਣ ਲਈ ਨਹੀਂ ਬੈਠ ਸਕਦੇ ਕਿ ਅਗਲੇ ਕੀ ਕਰਨਗੇ?’ ਕਾਰੋਬਾਰੀ ਨੇ ਇੰਟਰਵਿਊ ਵਿਚ ਸੰਕੇਤ ਦਿੱਤਾ ਹੈ ਕਿ ਉਹ ਭਾਰਤ ਤੋਂ ਬਾਹਰ ਵੀ ਵੈਕਸੀਨ ਉਤਪਾਦਨ ਕਰਨ ਬਾਰੇ ਸੋਚ ਰਿਹਾ ਹੈ। ਇਸ ਬਾਰੇ ਜਲਦੀ ਐਲਾਨ ਕੀਤਾ ਜਾ ਸਕਦਾ ਹੈ। ਅਦਾਰ ਪੂਨਾਵਾਲਾ ਨੇ ਕਿਹਾ ਕਿ ‘ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਸਥਿਤੀ ਐਨੀ ਵਿਗੜ ਜਾਵੇਗੀ।’ -ਪੀਟੀਆਈ