ਨਵੀਂ ਦਿੱਲੀ: ਕੋਵਿਡ-19 ਖ਼ਿਲਾਫ਼ ਲੜਾਈ ’ਚ ਲੱਗੇ ਮਨੁੱਖੀ ਵਸੀਲਿਆਂ ਨੂੰ ਵਧਾਉਣ ਦੀ ਮੰਗ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਟ-ਪੀਜੀ ਪ੍ਰੀਖਿਆ ਨੂੰ ਘੱਟੋ-ਘੱਟ ਚਾਰ ਮਹੀਨਿਆਂ ਲਈ ਮੁਲਤਵੀ ਕਰਨ ਸਮੇਤ ਹੋਰ ਕਈ ਉਪਰਾਲਿਆਂ ਦੀ ਮਨਜ਼ੂਰੀ ਦੇ ਦਿੱਤੀ ਹੈ। ਸ੍ਰੀ ਮੋਦੀ ਦੀ ਇਸ ਪੇਸ਼ਕਦਮੀ ਨਾਲ ਵੱਡੀ ਗਿਣਤੀ ਯੋਗਤਾ ਪ੍ਰਾਪਤ ਡਾਕਟਰ ਮਹਾਮਾਰੀ ਦੌਰਾਨ ਸਿਹਤ ਸੰਭਾਲ ਦੀ ਆਪਣੀ ਡਿਊਟੀ ਲਈ ਉਪਲਬਧ ਹੋਣਗੇ। ਪ੍ਰਧਾਨ ਮੰਤਰੀ ਨੇ ਮੈਡੀਕਲ ਇੰਟਰਨਾਂ ਦੀਆਂ ਸੇਵਾਵਾਂ ਲੈਣ ਦੀ ਵੀ ਖੁੱਲ੍ਹ ਦੇ ਦਿੱਤੀ ਹੈ। ਪੀਐੱਮਓ ਨੇ ਇਕ ਬਿਆਨ ਵਿੱਚ ਕਿਹਾ ਕਿ ਆਖਰੀ ਸਾਲ ਦੇ ਐੱਮਬੀਬੀਐੱਸ ਵਿਦਿਆਰਥੀਆਂ ਨੂੰ ਟੈਲੀ-ਕੰਸਲਟੇਸ਼ਨ ਤੇ ਆਪਣੀ ਫੈਕਲਟੀ ਦੀ ਦੇਖ ਰੇਖ ਹੇਠ ਹਲਕੇ ਕੋਵਿਡ ਕੇਸਾਂ ਦੀ ਨਿਗਰਾਨੀ ਲਈ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਡਾਕਟਰਾਂ ਤੇ ਨਰਸਾਂ ਦੀ ਨਿਗਰਾਨੀ ਹੇਠ ਬੀਐੱਸਸੀ ਨਰਸਿੰਗ ਜਾਂ ਜੀਐੱਨਐੱਮ ਯੋਗਤਾ ਪ੍ਰਾਪਤ ਨਰਸਾਂ ਨੂੰ ਕੁਲਵਕਤੀ ਕੋਵਿਡ ਨਰਸਿੰਗ ਡਿਊਟੀ ’ਤੇ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਸਬੰਧੀ ਕੰਮਾਂ ’ਚ ਲਾਏ ਜਾਣ ਵਾਲੇ ਮੈਡੀਕਲ ਵਿਦਿਆਰਥੀਆਂ ਤੇ ਹੋਰ ਪੇਸ਼ੇਵਰਾਂ ਦਾ ਮੁੰਕਮਲ ਟੀਕਾਰਕਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸਾਰੇ ਪੇਸ਼ੇਵਰ ਜੋ ਘੱਟੋ ਘੱਟ 100 ਦਿਨਾਂ ਦੀ ਡਿਊਟੀ ਲਈ ਕਰਾਰ ਕਰਨਗੇ, ਉਨ੍ਹਾਂ ਨੂੰ ਆਪਣੀ ਇਹ ਡਿਊਟੀ ਸਫ਼ਲਤਾ ਨਾਲ ਮੁਕੰਮਲ ਕਰਨ ’ਤੇ ਭਾਰਤ ਸਰਕਾਰ ਵੱਲੋਂ ਕੋਵਿਡ ਨੈਸ਼ਨਲ ਸਰਵਿਸ ਸਨਮਾਨ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਉਪਰੋਕਤ ਐਲਾਨ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਮੈਡੀਕਲ ਕੋਰਸਾਂ ਵਿੱਚ ਪੋਸਟ ਗ੍ਰੈਜੂਏਸ਼ਨ ਲਈ ਹੋਣ ਵਾਲਾ ਦਾਖਲਾ ਟੈਸਟ (ਨੀਟ-ਪੀਜੀ) 31 ਅਗਸਤ ਤੋਂ ਪਹਿਲਾਂ ਨਹੀਂ ਹੋਵੇਗਾ। -ਪੀਟੀਆਈ