ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 12 ਅਗਸਤ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਜੀਐੱਸਐੱਲਵੀ ਰਾਕੇਟ ਧਰਤੀ ਦੀ ਨਿਗਰਾਨੀ ਕਰਨ ਵਾਲੇ ਉਪਗ੍ਰਹਿ ਈਓਐੱਸ-03 ਨੂੰ ਪੁਲਾੜ ਪੰਧ ’ਚ ਸਥਾਪਤ ਕਰਨ ’ਚ ਅੱਜ ਨਾਕਾਮ ਰਿਹਾ। ਆਖਰੀ ਗੇੜ ’ਚ ਖਰਾਬੀ ਆਉਣ ਕਾਰਨ ਇਹ ਮਿਸ਼ਨ ਪੂਰੀ ਤਰ੍ਹਾਂ ਨੇਪਰੇ ਨਹੀਂ ਚੜ੍ਹ ਸਕਿਆ। ਇਸਰੋ ਨੇ ਦੱਸਿਆ ਕਿ ਪਹਿਲੇ ਤੇ ਦੂਜੇ ਗੇੜ ’ਚ ਰਾਕੇਟ ਦਾ ਪ੍ਰਦਰਸ਼ਨ ਠੀਕ ਰਿਹਾ ਸੀ। ਇਸਰੋ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 51.70 ਮੀਟਰ ਲੰਮੇ ਜੀਐੱਸਐੱਲਵੀ-ਐੱਫ10/ਈਓਐੱਸ-03 ਨੇ 26 ਘੰਟੇ ਦੀ ਪੁੱਠੀ ਗਿਣਤੀ ਖਤਮ ਹੋਣ ਤੋਂ ਤੁਰੰਤ ਬਾਅਦ ਸਵੇਰੇ ਪੰਜ ਵਜ ਕੇ 43 ਮਿੰਟ ’ਤੇ ਸ੍ਰੀਹਰੀਕੋਟਾ ਦੇ ਦੂਜੇ ਲਾਂਚਿੰਗ ਪੈਡ ਤੋਂ ਉਡਾਣ ਭਰੀ ਸੀ। ਪਹਿਲੇ ਤੇ ਦੂਜੇ ਗੇੜ ’ਚ ਰੌਕੇਟ ਦਾ ਪ੍ਰਦਰਸ਼ਨ ਠੀਕ ਰਿਹਾ ਸੀ। ਕ੍ਰਾਇਓਜੈਨਿਕ ਗੇੜ ’ਚ ਤਕਨੀਕੀ ਖਰਾਬੀ ਆਉਣ ਕਾਰਨ ਮਿਸ਼ਨ ਪੂਰਾ ਨਹੀਂ ਹੋ ਸਕਿਆ। ਇਸਰੋ ਦੇ ਪ੍ਰਧਾਨ ਕੇ ਸਿਵਨ ਨੇ ਕਿਹਾ ਮਿਸ਼ਨ ਮੁੱਖ ਤੌਰ ’ਤੇ ਕ੍ਰਾਇਓਜੈਨਿਕ ਗੇੜ ’ਚ ਤਕਨੀਕੀ ਖਰਾਬੀ ਕਾਰਨ ਪੂਰੀ ਤਰ੍ਹਾਂ ਨੇਪਰੇ ਨਹੀਂ ਚਾੜ੍ਹਿਆ ਜਾ ਸਕਿਆ। ਇਹ ਲਾਂਚਿੰਗ ਪਹਿਲਾਂ ਇਸ ਸਾਲ ਅਪਰੈਲ ਜਾਂ ਮਈ ’ਚ ਹੋਣੀ ਸੀ ਪਰ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਸੀ। ਫਰਵਰੀ ’ਚ ਬ੍ਰਾਜ਼ੀਲ ਦੇ ਉਪਗ੍ਰਹਿ ਅਮੇਜ਼ੋਨੀਆ-1 ਤੇ 18 ਹੋਰ ਛੋਟੇ ਉਪਗ੍ਰਹਿਆਂ ਦੀ ਲਾਂਚਿੰਗ ਮਗਰੋਂ 2021 ’ਚ ਇਹ ਇਸਰੋ ਦਾ ਦੂਜਾ ਮਿਸ਼ਨ ਸੀ। ਉੱਧਰ ਮਸ਼ਹੂਰ ਪੁਲਾੜ ਵਿਗਿਆਨੀ ਜੀ ਮਾਧਵਨ ਨਾਇਰ ਨੇ ਇਸਰੋ ਦਾ ਮਿਸ਼ਨ ਨਾਕਾਮ ਰਹਿਣ ’ਤੇ ਹੈਰਾਨੀ ਜ਼ਾਹਿਰ ਕੀਤੀ ਪਰ ਨਾਲ ਹੀ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ ਵਾਪਸੀ ਕਰਨ ਦੇ ਸਮਰੱਥ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਅਜਿਹੇ ਝਟਕੇ ਸਾਧਾਰਨ ਹਨ ਤੇ ਇਸਰੋ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ। -ਪੀਟੀਆਈ
ਫਿਰ ਤੋਂ ਤੈਅ ਕੀਤਾ ਜਾ ਸਕਦਾ ਹੈ ਮਿਸ਼ਨ: ਜਿਤੇਂਦਰ ਸਿੰਘ
ਨਵੀਂ ਦਿੱਲੀ: ਇਸਰੋ ਦੇ ਜੀਐੱਸਐੱਲਵੀ ਰਾਕੇਟ ਦਾ ਮਿਸ਼ਨ ਨਾਕਾਮ ਰਹਿਣ ਤੋਂ ਬਾਅਦ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਉਪ ਗ੍ਰਹਿ ਦੀ ਲਾਂਚਿੰਗ ਦਾ ਪ੍ਰੋਗਰਾਮ ਫਿਰ ਤੋਂ ਤੈਅ ਕੀਤਾ ਜਾ ਸਕਦਾ ਹੈ। ਪੀਐੱਮਓ ’ਚ ਰਾਜ ਮੰਤਰੀ ਤੇ ਪੁਲਾੜ ਵਿਭਾਗ ਦੇ ਇੰਚਾਰਜ ਜਿਤੇਂਦਰ ਸਿੰਘ ਨੇ ਕਿਹਾ ਉਨ੍ਹਾਂ ਇਸਰੋ ਮੁਖੀ ਕੇ ਸਿਵਨ ਨਾਲ ਮਿਸ਼ਨ ਬਾਰੇ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦਾ ਪ੍ਰੋਗਰਾਮ ਫਿਰ ਤੋਂ ਤੈਅ ਕੀਤਾ ਜਾ ਸਕਦਾ ਹੈ। -ਪੀਟੀਆਈ