ਨਵੀਂ ਦਿੱਲੀ, 2 ਨਵੰਬਰ
ਕੇਂਦਰੀ ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਊਹ ਮਹਾਰਾਸ਼ਟਰ, ਬਿਹਾਰ, ਅਸਾਮ, ਪੁੱਡੂਚੇਰੀ ਅਤੇ ਦਿੱਲੀ ਸਮੇਤ 16 ਸੂਬਿਆਂ ਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਨੂੰ ਜੀਐੱਸਟੀ ਮੁਆਵਜ਼ੇ ਦੀ ਪੂਰਤੀ ਲਈ 6 ਹਜ਼ਾਰ ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀ ਕਰੇਗਾ। ਕੇਂਦਰ ਨੇ 23 ਅਕਤੂਬਰ ਨੂੰ 16 ਸੂਬਿਆਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਿੱਲੀ ਤੇ ਜੰਮੂ ਕਸ਼ਮੀਰ ਨੂੰ 6 ਹਜ਼ਾਰ ਕਰੋੜ ਰੁਪਏ ਦੀ ਰਕਮ ਤਬਦੀਲ ਕੀਤੀ ਸੀ। ਦੂਜੀ ਕਿਸ਼ਤ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਜੀਐੱਸਟੀ ਮੁਆਵਜ਼ੇ ’ਚ ਕਮੀ ਨੂੰ ਪੂਰਾ ਕਰਨ ਲਈ ਕੇਂਦਰੀ ਵਿੱਤ ਮੰਤਰਾਲੇ ਵਿਸ਼ੇਸ਼ ਹਾਲਾਤ ਤਹਿਤ ਸੂਬਿਆਂ ਨੂੰ 6 ਹਜ਼ਾਰ ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀ ਕਰ ਰਿਹਾ ਹੈ। ਇਹ ਰਕਮ 4.42 ਫ਼ੀਸਦੀ ਵਿਆਜ ’ਤੇ ਊਧਾਰ ਲਈ ਗਈ ਹੈ ਜੋ ਸੂਬਿਆਂ ਅਤੇ ਯੂਟੀਜ਼ ਦੀ ਊਧਾਰ ਲਾਗਤ ਤੋਂ ਘੱਟ ਹੈ। ਊਨ੍ਹਾਂ ਕਿਹਾ ਕਿ ਵਿੱਤ ਮੰਤਰਾਲੇ ਨੇ ਵਿਸ਼ੇਸ਼ ਹਾਲਾਤ ਤਹਿਤ ਹੁਣ ਤੱਕ 12 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਹੁਣ ਤੱਕ 21 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਵਿਸ਼ੇਸ਼ ਯੋਜਨਾ ਦਾ ਲਾਹਾ ਲਿਆ ਹੈ। ਇਹ ਕਰਜ਼ਾ ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ, ਊੜੀਸਾ, ਤਾਮਿਲ ਨਾਡੂ, ਤ੍ਰਿਪੁਰਾ, ਊੱਤਰ ਪ੍ਰਦੇਸ਼, ਊੱਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਪੁੱਡੂਚੇਰੀ ਨੂੰ ਜਾਰੀ ਕੀਤਾ ਗਿਆ ਹੈ। ਐਤਵਾਰ ਨੂੰ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਅਕਤੂਬਰ ’ਚ 1.05 ਲੱਖ ਕਰੋੜ ਰੁਪਏ ਦਾ ਜੀਐੱਸਟੀ ਇਕੱਤਰ ਹੋਇਆ ਹੈ ਅਤੇ ਇਸ ਸਾਲ ਫਰਵਰੀ ਤੋਂ ਬਾਅਦ ਇਹ ਰਕਮ ਪਹਿਲੀ ਵਾਰ ਇਕ ਲੱਖ ਕਰੋੜ ਤੋਂ ਪਾਰ ਗਈ ਹੈ। -ਪੀਟੀਆਈ