ਨਵੀਂ ਦਿੱਲੀ, 1 ਮਾਰਚ
ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਫਰਵਰੀ ਵਿਚ ਵਸਤਾਂ ਤੇ ਸੇਵਾ ਕਰ (ਜੀਐੱਸਟੀ) ਦਾ ਸੰਗ੍ਰਹਿ ਸਾਲਾਨਾ ਆਧਾਰ ’ਤੇ 18 ਫ਼ੀਸਦ ਵਧ ਕੇ 1.33 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਿਹਾ। ਚਾਲੂ ਵਿੱਤੀ ਵਰ੍ਹੇ ਵਿਚ ਇਹ ਪੰਜਵੀਂ ਵਾਰ ਹੈ, ਜਦੋਂ ਜੀਐੱਸਟੀ ਸੰਗ੍ਰਹਿ 1.30 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਉਪ ਕਰ ਸੰਗ੍ਰਹਿ ਨੇ 10,000 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ ਹੈ ਜੋ ਵਾਹਨਾਂ ਦੀ ਵਿਕਰੀ ਸਣੇ ਕੁਝ ਪ੍ਰਮੁੱਖ ਖੇਤਰਾਂ ਵਿਚ ਸੁਧਾਰ ਨੂੰ ਦਰਸਾਉਂਦਾ ਹੈ। ਫਰਵਰੀ ਵਿਚ ਸੰਗ੍ਰਹਿ ਕੋਵਿਡ-19 ਵਾਇਰਸ ਦੀ ਤੀਜੀ ਲਹਿਰ ਕਾਰਨ ਪ੍ਰਭਾਵਿਤ ਹੋਇਆ। ਜ਼ਿਕਰਯੋਗ ਹੈ ਕਿ ਜਨਵਰੀ ਵਿਚ ਜੀਐੱਸਟੀ ਸੰਗ੍ਰਹਿ 1,40,986 ਕਰੋੜ ਰੁਪਏ ਸੀ। ਇਸ ਤਰ੍ਹਾਂ ਫਰਵਰੀ ਦਾ ਸੰਗ੍ਰਹਿ, ਇਸ ਤੋਂ ਪਿਛਲੇ ਮਹੀਨੇ ਦੇ ਮੁਕਾਬਲੇ ਘੱਟ ਰਿਹਾ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ‘‘ਫਰਵਰੀ 2022 ਵਿਚ ਕੁੱਲ ਜੀਐੱਸਟੀ ਮਾਲੀਆ 1,33,026 ਕਰੋੜ ਰੁਪਏ ਰਿਹਾ। -ਪੀਟੀਆਈ