ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਅਪਰੈਲ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਟਰਮ-2 ਪ੍ਰੀਖਿਆਵਾਂ ਲਈ ਅੱਜ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਬੋਰਡ ਨੇ ਕਰੋਨਾ ਸਬੰਧੀ ਪਹਿਲਾਂ ਤੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਕੁਝ ਰਿਆਇਤ ਦਿੱਤੀ ਹੈ ਪਰ ਸਕੂਲਾਂ ਨੂੰ ਕਰੋਨਾ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਕਿਹਾ ਗਿਆ ਹੈ। ਇਸ ਵਾਰ ਇੱਕ ਕਮਰੇ ਵਿੱਚ 18 ਵਿਦਿਆਰਥੀ ਪ੍ਰੀਖਿਆ ਦੇ ਸਕਣਗੇ ਜਦਕਿ ਟਰਮ-1 ਵਿੱਚ 12 ਵਿਦਿਆਰਥੀ ਬੈਠਣ ਦੇ ਹੁਕਮ ਜਾਰੀ ਕੀਤੇ ਗਏ ਸਨ। ਬੋਰਡ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸਕੂਲਾਂ ਨੂੰ ਅਗਲੇ ਹਫਤੇ ਤੋਂ ਰੋਲ ਨੰਬਰ ਜਾਰੀ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਾਈਵੇਟ ਵਿਦਿਆਰਥੀਆਂ ਨੂੰ ਵੀ ਐਡਮਿਟ ਕਾਰਡ ਜਲਦੀ ਹੀ ਅਪਲੋਡ ਕਰਨ ਦੀ ਸਹੂਲਤ ਦਿੱਤੀ ਜਾਵੇਗੀ, ਜਿਸ ਲਈ ਵੱਖਰਾ ਸਰਕੁਲਰ ਜਾਰੀ ਕੀਤਾ ਜਾਵੇਗਾ। ਟਰਮ-2 ਦੀ ਪ੍ਰੀਖਿਆ ਦੋ ਘੰਟੇ ਦੀ ਹੋਵੇਗੀ, ਜਿਹੜੀ ਸਵੇਰੇ ਸਾਢੇ ਦਸ ਵਜੇ ਤੋਂ ਸਾਢੇ ਬਾਰਾਂ ਵਜੇ ਤਕ ਲਈ ਜਾਵੇਗੀ।