ਨਵੀਂ ਦਿੱਲੀ, 4 ਜੂਨ
ਸਿਹਤ ਮੰਤਰਾਲੇ ਨੇ 8 ਜੂਨ ਤੋਂ ਧਾਰਮਿਕ ਅਸਥਾਨਾਂ, ਹੋਟਲਾਂ, ਰੈਸਟੋਰੈਂਟਾਂ ਤੇ ਸ਼ਾਪਿੰਗ ਮਾਲਜ਼ ਆਦਿ ਨੂੰ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਤਹਿਤ ਉਪਰੋਕਤ ਥਾਵਾਂ ’ਤੇ ਏਸੀ ਦਾ ਤਾਪਮਾਨ 24 ਤੋਂ 30 ਡਿਗਰੀ ਦਰਮਿਆਨ ਰੱਖਣ ਦੀ ਹਦਾਇਤ ਕੀਤੀ ਹੈ। 65 ਸਾਲ ਤੋਂ ਉਪਰ ਦੇ ਬਜ਼ੁਰਗਾਂ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰਾਂ ’ਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਧਾਰਮਿਕ ਅਸਥਾਨਾਂ ’ਚ ਲੋਕਾਂ ਨੂੰ ਮੂਰਤੀਆਂ ਨੂੰ ਹੱਥ ਨਾ ਲਾਉਣ, ਨਮਾਜ਼ ਅਦਾ ਕਰਨ ਲਈ ਆਪਣੀਆਂ ਦਰੀਆਂ ਅਤੇ ਸਮਾਜਿਕ ਦੂਰੀ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਜਿੱਥੋਂ ਤਕ ਸੰਭਵ ਹੋਵੇ ਮੰਦਰ/ਗੁਰਦੁਆਰਿਆਂ ’ਚ ਰਿਕਾਰਡ ਕੀਤਾ ਭਜਨ ਤੇ ਗੁਰਬਾਣੀ ਕੀਰਤਨ ਹੀ ਚਲਾਇਆ ਜਾਵੇ। ਇਸ ਦੌਰਾਨ ਕਿਸੇ ਤਰ੍ਹਾਂ ਦਾ ਪ੍ਰਸ਼ਾਦ ਵੰਡਣ ਦੀ ਮਨਾਹੀ ਰਹੇਗੀ। ਲੰਗਰ ਆਦਿ ਲਈ ਸਰੀਰਕ ਦੂਰੀ ਨੇਮਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ। ਹੋਟਲਾਂ ਵਿੱਚ 50 ਫੀਸਦ ਲੋਕਾਂ ਨੂੰ ਹੀ ਦਾਖ਼ਲ ਹੋਣ ਦੀ ਇਜਾਜ਼ਤ ਹੋਵੇਗੀ। -ਪੀਟੀਆਈ