ਨਵੀਂ ਦਿੱਲੀ, 31 ਅਕਤੂਬਰ
ਕਾਂਗਰਸ ਨੇ ਗੁਜਰਾਤ ਦੇ ਮੋਰਬੀ ਵਿੱਚ ਤਾਰਾਂ ਵਾਲਾ ਸਦੀ ਪੁਰਾਣਾ ਪੁਲ ਡਿੱਗਣ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ‘ਅਪਰਾਧਿਕ ਅਣਗਹਿਲੀ’ ਤੇ ‘ਕੁਸ਼ਾਸਨ’ ਦਾ ਕੇਸ ਲੱਗਦਾ ਹੈ। ਵਿਰੋਧੀ ਪਾਰਟੀ ਨੇ ਕਿਹਾ ਕਿ ਹਾਦਸੇ ਦੇ ਪੀੜਤਾਂ ਨੂੰ ਢੁੱਕਵੀਂ ਵਿੱਤੀ ਮਦਦ ਤੇ ਮੈਡੀਕਲ ਇਲਾਜ ਮੁਹੱਈਆ ਕਰਵਾਇਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪੁਲ, ਜਿਸ ਨੂੰ ਖੁੱਲ੍ਹਿਆਂ ਅਜੇ ਪੰਜ ਦਿਨ ਹੋਏ ਸਨ, ਡਿੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਇੰਨੇ ਸਾਰੇ ਲੋਕਾਂ ਨੂੰ ਪੁਲ ’ਤੇ ਚੜ੍ਹਨ ਦੀ ਇਜਾਜ਼ਤ ਕਿਉਂ ਦਿੱਤੀ ਗਈ। ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਜਾਂਚ ਹੋਣੀ ਚਾਹੀਦੀ ਹੈ।’’ ਖੜਗੇ ਨੇ ਕਿਹਾ, ‘‘ਇਹ ਸਿਆਸਤ ਕਰਨ ਦਾ ਸਮਾਂ ਨਹੀਂ, ਪਰ ਸਬੰਧਤਾਂ ਦੀ ਜ਼ਿੰਮੇਵਾਰੀ ਨਿਰਧਾਰਿਤ ਕੀਤੇ ਜਾਣਾ ਵੀ ਜ਼ਰੂਰੀ ਤੇ ਅਹਿਮ ਹੈ।’’ -ਪੀਟੀਆਈ