ਭੁਜ: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਮੁੰਦਰਾ ਬੰਦਰਗਾਹ ਨੇੜਿਓਂ ਇੱਕ ਕੰਟੇਨਰ ਵਿੱਚੋਂ 56 ਕਿੱਲੋ ਕੋਕੀਨ ਜ਼ਬਤ ਕੀਤੀ ਹੈ। ਇਸ ਦੀ ਅੰਦਾਜ਼ਨ ਕੀਮਤ 500 ਕਰੋੜ ਰੁਪਏ ਬਣਦੀ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਵੱਲੋਂ ਦਿੱਤੀ ਗਈ। ਹਾਲਾਂਕਿ ਡੀਆਰਆਈ ਨੇ ਜ਼ਬਤ ਕੀਤੇ ਪਾਬੰਦੀਸ਼ੁਦਾ ਪਦਾਰਥ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਇਸ ਦੀ ਕੀਮਤ ਲੱਗਪਗ 500 ਕਰੋੜ ਰੁਪਏ ਹੋ ਸਕਦੀ ਹੈ, ਕਿਉਂਕਿ ਕੌਮਾਂਤਰੀ ਬਾਜ਼ਾਰ ਵਿੱਚ ਇੱਕ ਕਿਲੋ ਕੋਕੀਨ ਦੀ ਕੀਮਤ 10 ਕਰੋੜ ਰੁਪਏ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡੀਆਰੀਆਈ ਨੇ ਖਾਸ ਸੂਹ ਦੇ ਆਧਾਰ ’ਤੇ ਮੁੰਦਰਾ ਬੰਦਰਗਾਹ ਨੇੜੇ ਕੰਟੇਨਰ ਫਰਾਈਟ ਸਟੇਸ਼ਨ ’ਤੇ ਕੰਟੇਨਰ ਦੀ ਤਲਾਸ਼ੀ ਲਈ। ਇਹ ਕੰਟੇਨਰ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਉਕਤ ਬੰਦਰਗਾਹ ’ਤੇ ਪਹੁੰਚਿਆ ਸੀ। ਉਨ੍ਹਾਂ ਦੱਸਿਆ ਕਿ ਡੀਆਰਆਈ ਟੀਮ ਨੇ ਕੰਟੇਨਰ ਵਿੱਚੋਂ 56 ਕਿੱਲੋ ਕੋਕੀਨ ਜ਼ਬਤ ਕੀਤੀ ਹੈ ਪਰ ਇਸ ਸਬੰਧੀ ਜ਼ਿਆਦਾ ਵੇਰਵੇ ਨਹੀਂ ਦਿੱਤੇ। -ਪੀਟੀਆਈ