ਅਹਿਮਦਾਬਾਦ, 28 ਅਗਸਤ
ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਅੱਜ ਇੱਥੇ ਕਿਹਾ ਕਿ ਵਿਆਹ ਰਾਹੀਂ ਜਬਰੀ ਧਰਮ ਪਰਿਵਰਤਨ ਰੋਕਣ ਲਈ ਸੂਬਾ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ, ਹਾਈ ਕੋਰਟ ਦੇ ਗੁਜਰਾਤ ਧਾਰਮਿਕ ਆਜ਼ਾਦੀ (ਸੋਧ) ਕਾਨੂੰਨ 2021 ਦੀਆਂ ਵੱਖ ਵੱਖ ਧਾਰਾਵਾਂ ’ਤੇ ਰੋਕ ਲਾਉਣ ਵਾਲੇ ਹੁਕਮ ਖ਼ਿਲਾਫ਼ ਸੁਪਰੀਮ ਕੋਰਟ ਤੱਕ ਪਹੁੰਚ ਕਰੇਗੀ। ਜ਼ਿਕਰਯੋਗ ਹੈ ਕਿ 19 ਅਗਸਤ ਨੂੰ ਗੁਜਰਾਤ ਹਾਈ ਕੋਰਟ ਨੇ ਸੋਧ ਕਾਨੂੰਨ ਦੀਆਂ ਧਾਰਾਵਾਂ 3, 4, 4ਏ, 5, 6 ਤੇ 6ਏ ’ਤੇ ਰੋਕ ਲਾ ਦਿੱਤੀ ਸੀ। ਅਦਾਲਤ ਨੇ ਕਿਹਾ ਸੀ ਕਿ ਵੱਖਰੇ ਧਰਮ ਨਾਲ ਸਬੰਧਤ ਵਿਅਕਤੀ, ਦੂਜੇ ਧਰਮ ਦੇ ਵਿਅਕਤੀ ਨਾਲ ਦਬਾਅ ਹੇਠ ਵਿਆਹ ਨਹੀਂ ਕਰਵਾਉਂਦਾ ਸਗੋਂ ਇਹ ਤਾਂ ਪਵਿੱਤਰ ਰਿਸ਼ਤਾ ਹੈ। ਇਸ ਲਈ ਇਹ ਧਾਰਾਵਾਂ ਇਸ ਮੁਤਾਬਕ ਢੁੱਕਵੀਆਂ ਨਹੀਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੂਪਾਨੀ ਨੇ ਕਿਹਾ,‘ਹਿੰਦੂ ਕੁੜੀਆਂ ਨੂੰ ਝਾਂਸਾ ਦਿੱਤਾ ਜਾਂਦਾ ਹੈ ਅਤੇ ਮਗਰੋਂ ਉਨ੍ਹਾਂ ਦਾ ਧਰਮ ਜਬਰੀ ਤਬਦੀਲ ਕਰਵਾਇਆ ਜਾਂਦਾ ਹੈ। ਇਸ ਸੰਦਰਭ ਵਿੱਚ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ ਲਈ ਲਵ ਜੇਹਾਦ ਕਾਨੂੰਨ ਲਿਆਂਦਾ ਗਿਆ ਸੀ। ਸੂਬਾ ਸਰਕਾਰ ਹਾਈ ਕੋਰਟ ਦੇ ਆਦੇਸ਼ ਖ਼ਿਲਾਫ਼ ਸੁਪਰੀਮ ਕੋਰਟ ਜਾਵੇਗੀ। ਉਹ ਇੱਥੇ ਗਾਂਧੀਨਗਰ ਵਿੱਚ ਗੁਜਰਾਤੀ ਕਵੀ ਝੇਵਰਚੰਦ ਮੇਗਹਾਨੀ ਦੀ 125ਵੀਂ ਜੈਅੰਤੀ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। -ਪੀਟੀਆਈ