ਗਾਂਧੀਨਗਰ/ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਥੇ ਗੁਜਰਾਤ ਭਾਜਪਾ ਦੇ ਆਗੂਆਂ ਨੂੰ ਮਿਲੇ। ਉਨ੍ਹਾਂ ਆਗੂਆਂ ਨੂੰ ਲੋਕਾਂ ਤੇ ਜ਼ਮੀਨੀ ਪੱਧਰ ’ਤੇ ਕੰਮ ਕਰਦੇ ਪਾਰਟੀ ਕੇਡਰ ਨਾਲ ਨੇੜਿਓਂ ਰਾਬਤਾ ਤੇ ਤਾਲਮੇਲ ਬਣਾ ਕੇ ਰੱਖਣ ਲਈ ਕਿਹਾ। ਗੁਜਰਾਤ ਵਿੱਚ ਇਸ ਸਾਲ ਦਸੰਬਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸ੍ਰੀ ਮੋਦੀ ਨੇ ਇਕ ਟਵੀਟ ਵਿੱਚ ਕਿਹਾ, ‘‘ਗੁਜਰਾਤ ਵਿੱਚ ਭਾਜਪਾ ਹੈੱਡਕੁਆਰਟਰ ’ਤੇ ਭਾਜਪਾ ਆਗੂਆਂ ਤੇ ਪਾਰਟੀ ਵਰਕਰਾਂ ਨੂੰ ਮਿਲਿਆ। ਪਾਰਟੀ ਵੱਲੋਂ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਤੇ ਵੱਧ ਪ੍ਰਭਾਵਸ਼ਾਲੀ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਨ ਦੇ ਢੰਗ ਤਰੀਕੇ ਉੱਤੇ ਚਰਚਾ ਕੀਤੀ।’’ ਮੀਟਿੰਗ ਵਿੱਚ 430 ਤੋਂ ਵੱਧ ਆਗੂ ਤੇ ਵਰਕਰ ਮੌਜੂਦ ਸਨ। ਭਾਜਪਾ ਤਰਜਮਾਨ ਯਾਮਲ ਵਿਆਸ ਨੇ ਕਿਹਾ, ‘‘ਮਹਿਲਾ ਪਾਰਟੀ ਵਰਕਰਾਂ ਨੇ ਫੁੱਲ ਮਾਲਾਵਾਂ ਨਾਲ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ।’’ ਸੂਤਰਾਂ ਮੁਤਾਬਕ ਸ੍ਰੀ ਮੋਦੀ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਸਰਕਾਰ ਵੱਲੋਂ ਪਿਛਲੇ ਦਸ ਸਾਲਾਂ ਦੌਰਾਨ ਲਾਗੂ ਕੀਤੀਆਂ ਵੱਖ ਵੱਖ ਸਕੀਮਾਂ ਤੇ ਪ੍ਰੋਗਰਾਮਾਂ ਬਾਰੇ ਜਾਗਰੂਕ ਕਰਨ। ਸ੍ਰੀ ਮੋਦੀ ਨੇ ਪਾਰਟੀ ਆਗੂਆਂ ਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਦੇ ਪਾਰਟੀ ਕੇਡਰਾਂ ਨਾਲ ਤਾਲਮੇਲ ਵਧਾਉਣ ਲਈ ਕਿਹਾ। ਇਸ ਮੌਕੇ ਮੁੱਖ ਮੰਤਰੀ ਭੁਪੇਂਦਰ ਪਟੇਲ, ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਤੇ ਸਾਬਕਾ ਉਪ ਮੁੱਖ ਮੰਤਰੀ ਨਿਤਿਨ ਪਟੇਲ ਆਦਿ ਮੌਜੂਦ ਸਨ।
ਗੁਜਰਾਤ ਦੀ ਆਪਣੀ ਦੋ-ਰੋਜ਼ਾ ਫੇਰੀ ਦੌਰਾਨ ਸ੍ਰੀ ਮੋਦੀ ਨੇ ਪੰਚਾਇਤਾਂ ਦੇ ਇਕ ਲੱਖ ਤੋਂ ਵੱਧ ਨੁਮਾਇੰਦਿਆਂ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਚਾਰ ਰਾਜਾਂ ਵਿੱਚ ਭਾਜਪਾ ਨੂੰ ਮਿਲੀ ਜਿੱਤ ਮਗਰੋਂ ਉਥੋਂ ਦੇ ਵੋਟਰਾਂ ਦੇ ਹਵਾਲੇ ਨਾਲ ਕਿਹਾ ਕਿ ਲੋਕਾਂ ਨੂੰ ਹੁਣ ਅਹਿਸਾਸ ਹੋਣ ਲੱਗਾ ਹੈ ਕਿ ਸਰਕਾਰਾਂ ਵਿਕਾਸ ਕੰਮ ਕਰਨ ਲਈ ਚੁਣੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ, ‘‘ਜਮਹੂਰੀਅਤ ਦੀ ਆਪਣੀ ਤਾਕਤ ਹੁੰਦੀ ਹੈ। ਇਸੇ ਤਾਕਤ ਸਦਕਾ ਅਸੀਂ ਚਾਰ ਰਾਜਾਂ ਵਿੱਚ ਮੁੜ ਸਰਕਾਰ ਬਣਾਉਣ ਵਿੱਚ ਸਫ਼ਲ ਰਹੇ ਹਾਂ, ਜਿੱਥੇ ਪਹਿਲਾਂ ਕਦੇ ਉਪਰੋਥਲੀ ਸਰਕਾਰਾਂ ਨਹੀਂ ਬਣੀਆਂ।’’ ਉਨ੍ਹਾਂ ਕਿਹਾ ਕਿ ਗ੍ਰਾਮ ਸਵਰਾਜ ਦੇ ਸੁਪਨੇ ਨੂੰ ਪੂਰਾ ਕਰਨ ਲਈ ਮਜ਼ਬੂਤ ਪੰਚਾਇਤੀ ਰਾਜ ਢਾਂਚਾ ਅਹਿਮ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਹਿੱਤਾਂ ਨਾਲ ਜੁੜੇ ਮੁੱਦਿਆਂ ਬਾਰੇ ਉਨ੍ਹਾਂ ਦੇ ਵਿਚਾਰਾਂ ਦੀ ਸ਼ਲਾਘਾ ਕਰਨ ਵਾਲੇ ਦੇਹਰਾਦੂਨ ਦੇ ਵਿਦਿਆਰਥੀ ਨੂੰ ਪੱਤਰ ਲਿਖ ਕੇ ਉਸ ਦੀ ਪ੍ਰਸ਼ੰਸਾ ਕੀਤੀ ਹੈ। ਅਨੁਰਾਗ ਰਾਮੋਲਾ ਨਾਂ ਦਾ ਇਹ ਵਿਦਿਆਰਥੀ 11ਵੀਂ ਜਮਾਤ ਵਿੱਚ ਪੜ੍ਹਦਾ ਹੈ।
-ਪੀਟੀਆਈ/ਆਈਏਐੱਨਐੱਸ