ਨਵੀਂ ਦਿੱਲੀ, 13 ਅਪਰੈਲ
ਮਰਹੂਮ ਸੰਸਦ ਮੈਂਬਰ ਅਹਿਸਨ ਜਾਫ਼ਰੀ ਦੀ ਪਤਨੀ ਜ਼ਕੀਆ ਜਾਫ਼ਰੀ ਵੱਲੋਂ ਵਿਸ਼ੇਸ਼ ਜਾਂਚ ਟੀਮ (ਸਿਟ) ਖ਼ਿਲਾਫ਼ ਦਾਇਰ ਪਟੀਸ਼ਨ ਉਤੇ ਸੁਣਵਾਈ ਸੁਪਰੀਮ ਕੋਰਟ ਨੇ ਦੋ ਹਫ਼ਤਿਆਂ ਲਈ ਟਾਲ ਦਿੱਤੀ ਹੈ। ਜ਼ਕੀਆ ਨੇ ‘ਸਿਟ’ ਵੱਲੋਂ 2002 ਦੇ ਗੁਜਰਾਤ ਦੰਗਿਆਂ ਦੇ ਮਾਮਲੇ ਵਿਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦੇਣ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਏ.ਐਮ. ਖਾਨਵਿਲਕਰ ਨੇ ਕਿਹਾ ਕਿ ਮਾਮਲਾ ਦੋ ਹਫ਼ਤੇ ਬਾਅਦ ਸੁਣਿਆ ਜਾਵੇਗਾ। ਪਟੀਸ਼ਨਕਰਤਾ ਨੇ ਹੀ ਪੱਤਰ ਲਿਖ ਕੇ ਇਸ ਮਾਮਲੇ ਵਿਚ ਸੁਣਵਾਈ ਅੱਗੇ ਪਾਉਣ ਦੀ ਮੰਗ ਕੀਤੀ ਸੀ। ਸਿਖ਼ਰਲੀ ਅਦਾਲਤ ਨੇ 16 ਮਾਰਚ ਨੂੰ ਮਾਮਲੇ ਦੀ ਸੁਣਵਾਈ ਅੱਜ ਲਈ ਤੈਅ ਕੀਤੀ ਸੀ। ਇਸ ਤੋਂ ਪਹਿਲਾਂ ਜਾਫ਼ਰੀ ਲਈ ਪੇਸ਼ ਹੋਏ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਨੇ ਬੇਨਤੀ ਕੀਤੀ ਸੀ ਕਿ ਸੁਪਰੀਮ ਕੋਰਟ ਮਾਮਲੇ ਉਤੇ ਸੁਣਵਾਈ ਅਪਰੈਲ ਵਿਚ ਕਰੇ ਕਿਉਂਕਿ ਵਕੀਲਾਂ ਦੇ ਕਈ ਹੋਰ ਰੁਝੇਵੇਂ ਹਨ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਗੁਜਰਾਤ ਸਰਕਾਰ ਵੱਲੋਂ ਪੇਸ਼ ਹੁੰਦਿਆਂ ਸੁਣਵਾਈ ਅੱਗੇ ਪਾਉਣ ਦਾ ਵਿਰੋਧ ਕੀਤਾ ਸੀ। ਜ਼ਿਕਰਯੋਗ ਹੈ ਕਿ ਅਹਿਸਨ ਜਾਫ਼ਰੀ ਉਨ੍ਹਾਂ 68 ਲੋਕਾਂ ਵਿਚ ਸਨ ਜਿਨ੍ਹਾਂ ਦੀ ਅਹਿਮਦਾਬਾਦ ਦੀ ਗੁਲਬਰਗ ਸੁਸਾਇਟੀ ਵਿਚ 28 ਫਰਵਰੀ, 2002 ਨੂੰ ਹੱਤਿਆ ਕਰ ਦਿੱਤੀ ਗਈ ਸੀ। ਗੁਜਰਾਤ ਵਿਚ ਦੰਗੇ ਗੋਧਰਾ ਵਿਚ ਸਾੜੀ ਗਈ ਸਾਬਰਮਤੀ ਐਕਸਪ੍ਰੈੱਸ ਤੋਂ ਬਾਅਦ ਹੋਏ ਸਨ। -ਪੀਟੀਆਈ