ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਮਰਹੂਮ ਕਾਂਗਰਸੀ ਆਗੂ ਅਹਿਸਨ ਜਾਫ਼ਰੀ ਦੀ ਪਤਨੀ ਜ਼ਕੀਆ ਜਾਫ਼ਰੀ ਵੱਲੋਂ ਗੁਜਰਾਤ ਵਿੱਚ 2002 ’ਚ ਹੋਏ ਦੰਗਿਆਂ ਨਾਲ ਸਬੰਧਤ ਮਾਮਲੇ ਵਿੱਚ ਤਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ੇਸ਼ ਜਾਂਚ ਟੀਮ ਵੱਲੋਂ ਦਿੱਤੀ ਕਲੀਨ ਚਿੱਟ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ 26 ਅਕਤੂਬਰ ਨੂੰ ਸੁਣਵਾਈ ਕਰੇਗੀ। ਜਸਟਿਸ ਏ.ਐੱਮ.ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਉਹ ਪਟੀਸ਼ਨਰ (ਜ਼ਕੀਆ ਜਾਫ਼ਰੀ) ਵੱਲੋਂ ਭਵਿੱਖ ਵਿੱਚ ਕੇਸ ਦੀ ਸੁਣਵਾਈ ਮੁਲਤਵੀ ਕਰਨ ਸਬੰਧੀ ਕਿਸੇ ਵੀ ਅਰਜ਼ੀ ’ਤੇ ਗੌਰ ਨਹੀਂ ਕਰੇਗਾ। ਬੈਂਚ, ਜਿਸ ਵਿੱਚ ਜਸਟਿਸ ਦਿਨੇਸ਼ ਮਹੇਸ਼ਵਰੀ ਤੇ ਸੀ.ਟੀ.ਰਵੀਕੁਮਾਰ ਵੀ ਸ਼ਾਮਲ ਸਨ, ਨੇ ਕਿਹਾ, ‘‘ਪਟੀਸ਼ਨਰ ਦੀ ਅਪੀਲ ’ਤੇ ਕੇਸ ਦੀ ਅਗਲੀ ਸੁਣਵਾਈ 26 ਅਕਤੂੁਬਰ ਤੱਕ ਮੁਲਤਵੀ ਕੀਤੀ ਜਾਂਦੀ ਹੈ।’’ ਉਂਜ ਬੈਂਚ ਨੇ ਪਟੀਸ਼ਨਰ ਨੂੰ ਕੇਸ ਨਾਲ ਸਬੰਧਤ ਰਿਕਾਰਡ ਦੇ ਸੰਕਲਨ ਦੀ ਇਜਾਜ਼ਤ ਦੇ ਦਿੱਤੀ ਹੈ। ਜ਼ਕੀਆ ਜਾਫ਼ਰੀ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਉਨ੍ਹਾਂ ਕੋਲ 23000 ਸਫ਼ਿਆਂ ਦਾ ਰਿਕਾਰਡ ਹੈ, ਜਿਸ ਨੂੰ ਸੰਕਲਿਤ ਕੀਤੇ ਜਾਣ ਦੀ ਲੋੜ ਹੈ। ਸਿੱਬਲ ਨੇ ਕਿਹਾ ਕਿ ਕੇਸ ਦੀ ਸੁਣਵਾਈ ਇਸ ਸਾਲ ਅਪਰੈਲ ਵਿੱਚ ਮੁਲਤਵੀ ਕੀਤੀ ਗਈ ਸੀ ਤੇ ਮਹਾਮਾਰੀ ਕਰਕੇ ਰਿਕਾਰਡ ਨੂੰ ਸੰਕਲਿਤ ਨਹੀਂ ਕੀਤਾ ਜਾ ਸਕਿਆ। ਉਧਰ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਰਿਕਾਰਡ ਨੂੰ ਸੰਕਲਿਤ ਕਰਨ ਦੇ ਆਧਾਰ ’ਤੇ ਅਰਜ਼ੀ ਡੇਢ ਸਾਲ ਪਹਿਲਾਂ ਵੀ ਦਾਖ਼ਲ ਕੀਤੀ ਗਈ ਸੀ। -ਪੀਟੀਆਈ