ਰਾਜੌਰੀ (ਜੰਮੂ-ਕਸ਼ਮੀਰ), 4 ਅਕਤੂਬਰ
ਮੁੱਖ ਅੰਸ਼
- ਧਾਰਾ 370 ਮਨਸੂਖ ਹੋਣ ਨਾਲ ਵੱਖ ਵੱਖ ਵਰਗਾਂ ਨੂੰ ਰਾਖਵਾਂਕਰਨ ਦਾ ਲਾਭ ਮਿਲਣ ਦਾ ਦਾਅਵਾ
- ਜੰਮੂ ਕਸ਼ਮੀਰ ਦੇ ਵਿਕਾਸ ਨੂੰ ਪ੍ਰਧਾਨ ਮੰਤਰੀ ਦੀ ਤਰਜੀਹ ਦੱਸਿਆ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਐਲਾਨ ਕੀਤਾ ਕਿ ਜੰਮੂ ਕਸ਼ਮੀਰ ਵਿੱਚ ਗੁੱਜਰ, ਬੱਕਰਵਾਲ ਤੇ ਪਹਾੜੀ ਭਾਈਚਾਰਿਆਂ ਨੂੰ ਜਸਟਿਸ ਸ਼ਰਮਾ ਕਮਿਸ਼ਨ ਵੱਲੋਂ ਕੀਤੀਆਂ ਸਿਫਾਰਸ਼ਾਂ ਮੁਤਾਬਕ ਰਾਖਵਾਂਕਰਨ ਦਾ ਲਾਹਾ ਮਿਲੇਗਾ। ਸ਼ਾਹ ਇਥੇ ਭਾਰਤ-ਪਾਕਿ ਦੀ ਸਰਹੱਦ ਨਾਲ ਪੀਰ ਪੰਜਾਲ ਦੀਆਂ ਪਹਾੜੀਆਂ ਦੇ ਪੈਰਾਂ ’ਚ ਵਸੇ ਕਸਬੇ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸ਼ਾਹ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਭਾਈਚਾਰਿਆਂ ਦੇ ਅਨੁਸੂਚਿਤ ਜਾਤੀ(ਐੱਸਟੀ) ਵਿਚਲੇ ਕੋਟੇ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਤੇ ਹਰੇਕ ਨੂੰ ਬਣਦਾ ਹਿੱਸਾ ਮਿਲੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਸਾਲ 2019 ਵਿੱਚ ਧਾਰਾ 370 ਮਨਸੂਖ ਕੀਤੇ ਜਾਣ ਨਾਲ ਜੰਮੂ ਕਸ਼ਮੀਰ ਵਿੱਚ ਸਹੂਲਤਾਂ ਤੋਂ ਸੱਖਣੇ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਰਾਖਵਾਂਕਰਨ ਦਾ ਲਾਭ ਮਿਲਣ ਦਾ ਰਾਹ ਪੱਧਰਾ ਹੋਇਆ ਹੈ। ਉਨ੍ਹਾਂ ਜੰਮੂ ਕਸ਼ਮੀਰ ਦੇ ਵਿਕਾਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਜੀਹ ਦੱਸਿਆ। ਇਸ ਦੌਰਾਨ ਸ਼ਾਹ ਸ਼ਾਮੀਂ ਸੱਤ ਵਜੇ ਦੇ ਕਰੀਬ ਸ੍ਰੀਨਗਰ ਪੁੱਜ ਗਏ। ਉਹ ਭਲਕੇ ਬਾਰਾਮੁੱਲਾ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ।
ਸ੍ਰੀ ਸ਼ਾਹ ਨੇ ਰਾਜੌਰੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਜਸਟਿਸ ਸ਼ਰਮਾ ਕਮਿਸ਼ਨ ਨੇ ਸਿਫਾਰਸ਼ ਕੀਤੀ ਸੀ ਕਿ ਪਹਾੜੀਆਂ, ਬੱਕਰਵਾਲ ਤੇ ਗੁੱਜਰਾਂ ਨੂੰ ਅਨੁਸੂਚਿਤ ਜਾਤੀ ਰਾਖਵਾਂਕਰਨ ਦੇ ਲਾਭ ਲਈ ਸ਼ਾਮਲ ਕੀਤਾ ਜਾਵੇ। ਇਹ ਸਿਫਾਰਸ਼ਾਂ ਮਿਲ ਗਈਆਂ ਹਨ ਤੇ ਕਾਨੂੰਨੀ ਕਾਰਵਾਈ ਮੁਕੰਮਲ ਹੁੰਦੇ ਹੀ ਜਲਦੀ ਹੀ ਇਨ੍ਹਾਂ ਭਾਈਚਾਰਿਆਂ ਨੂੰ ਰਾਖਵਾਂਕਰਨ ਦਾ ਲਾਭ ਮਿਲਣ ਲੱਗੇਗਾ।’’ ਗ੍ਰਹਿ ਮੰਤਰੀ ਨੇ ਕਿਹਾ ਕਿ ਕੁਝ ਲੋਕਾਂ ਨੇ ਪਹਾੜੀਆਂ ਨੂੰ ਦਿੱਤੇ ਅਨੁਸੂਚਿਤ ਜਾਤੀ ਰੁਤਬੇ ਨੂੰ ਲੈ ਕੇ ਗੁੱਜਰ ਤੇ ਬੱਕਰਵਾਲਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਲੋਕਾਂ ਨੇ ਉਨ੍ਹਾਂ ਦੀਆਂ ਕੋਝੀਆਂ ਚਾਲਾਂ ਨੂੰ ਨਾਕਾਮ ਕਰ ਦਿੱਤਾ। ਕਾਬਿਲੇਗੌਰ ਹੈ ਕਿ ਸਰਹੱਦੀ ਜ਼ਿਲ੍ਹਿਆਂ ਰਾਜੌਰੀ ਤੇ ਪੁਣਛ ਵਿੱਚ 40 ਫੀਸਦ ਅਬਾਦੀ ਗੁੱਜਰ ਤੇ ਬੱਕਰਵਾਲਾਂ ਦੀ ਹੈ। ਪਹਾੜੀ ਵੀ ਇਨ੍ਹਾਂ ਇਲਾਕਿਆਂ ਵਿਚ ਰਹਿੰਦੇ ਹਨ, ਪਰ ਉਨ੍ਹਾਂ ਦੀ ਗਿਣਤੀ ਥੋੜ੍ਹੀ ਹੈ। ਕਸ਼ਮੀਰੀਆਂ ਤੇ ਡੋਗਰਾਵਾਂ ਮਗਰੋਂ ਗੁੱਜਰ ਤੇ ਬੱਕਰਵਾਲ ਜੰਮੂ ਕਸ਼ਮੀਰ ਵਿੱਚ ਤੀਜਾ ਸਭ ਤੋਂ ਵੱਡਾ ਨਸਲੀ ਸਮੂਹ ਹਨ। ਅਪਰੈਲ 1991 ਤੋਂ ਉਨ੍ਹਾਂ ਨੂੰ ਨੌਕਰੀਆਂ ਤੇ ਸਿੱਖਿਆ ਸੰਸਥਾਵਾਂ ਵਿੱਚ ਅਨੁਸੂਚਿਤ ਜਾਤਾਂ ਦੇ ਕੋਟੇ ’ਚੋਂ 10 ਫੀਸਦ ਲਾਭ ਮਿਲ ਰਿਹਾ ਸੀ। ਪਹਾੜੀਆਂ ਨੇ ਵੀ ਮਿਲਦਾ ਜੁਲਦਾ ਲਾਭ ਮੰਗਿਆ ਸੀ, ਜਿਸ ਦਾ ਗੁੱਜਰ ਤੇ ਬੱਕਰਵਾਲਾਂ ਨੇ ਵਿਰੋਧ ਕੀਤਾ ਸੀ। ਅਸੈਂਬਲੀ ਚੋਣਾਂ ਦੀਆਂ ਸੰਭਾਵਨਾਵਾਂ ਦੇ ਹਵਾਲੇ ਨਾਲ ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਤੋਂ ਪਹਿਲਾਂ ਹੱਦਬੰਦੀ ਦਾ ਅਮਲ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ, ‘‘ਚੋਣਾਂ ਤੋਂ ਪਹਿਲਾਂ ਹੱਦਬੰਦੀ ਦਾ ਅਮਲ ਜ਼ਰੂਰੀ ਸੀ ਕਿਉਂਕਿ ਇਸ ਤੋਂ ਪਹਿਲਾਂ ਇਹ ਨੇਮਾਂ ਮੁਤਾਬਕ ਨਹੀਂ ਸੀ। ਹੁਣ ਹੱਦਬੰਦੀ ਨੇਮਾਂ ਮੁਤਾਬਕ ਸਿਰੇ ਚੜ੍ਹ ਗਈ ਹੈ ਅਤੇ ਰਾਜੌਰੀ, ਪੁਣਛ, ਡੋਡਾ ਤੇ ਕਿਸ਼ਤਵਾੜ ਜਿਹੇ ਪਹਾੜੀ ਇਲਾਕਿਆਂ ਵਿੱਚ ਸੀਟਾਂ ਦੀ ਗਿਣਤੀ ਵਧੀ ਹੈ।’’ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਾ 370 ਮਨਸੂਖ ਕਰਨ ਮਗਰੋਂ ਚੋਣਾਂ ਕਰਵਾਉਣ ਦਾ ਵਾਅਦਾ ਕੀਤਾ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਤਾਕਤ ਤਿੰਨ ਪਰਿਵਾਰਾਂ, 87 ਵਿਧਾਇਕਾਂ ਤੇ 6 ਸੰਸਦ ਮੈਂਬਰਾਂ ਕੋਲ ਸੀ, ਪਰ ਧਾਰਾ 35ਏ ਤੇ 370 ਰੱਦ ਕਰਨ ਮਗਰੋਂ ਜੰਮੂ ਕਸ਼ਮੀਰ ਵਿਚ ਪਹਾੜੀਆਂ ਸਣੇ ਸਮਾਜ ਦੇ ਦੱਬੇ ਕੁਚਲੇ ਤੇ ਕਮਜ਼ੋਰ ਵਰਗਾਂ ਨੂੰ ਉਨ੍ਹਾਂ ਦੇ ਹੱਕ ਮਿਲੇ ਹਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦਾ ਵਿਕਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਜੀਹ ਹੈ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਜੰਮੂ ਕਸ਼ਮੀਰ ਨੂੰ ਇਨ੍ਹਾਂ ਤਿੰਨ ਪਰਿਵਾਰਾਂ ਦੇ ਗਲਬੇ ’ਚੋਂ ਮੁਕਤ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਭਲਾਈ ਤੇ ਬਿਹਤਰੀ ਲਈ ਮੋਦੀ ਦੇ ਹੱਥ ਮਜ਼ਬੂਤ ਕਰੋ।’’ -ਪੀਟੀਆਈ
ਸ਼ਾਹ ਨੇ ਵੈਸ਼ਨੋ ਦੇਵੀ ਮੰਦਰ ਵਿੱਚ ਮੱਥਾ ਟੇਕਿਆ
ਜੰਮੂ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮਹਾਨੌਮੀ ਮੌਕੇ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਤ੍ਰਿਕੁਟਾ ਦੀਆਂ ਪਹਾੜੀਆਂ ’ਤੇ ਮਾਤਾ ਵੈਸ਼ਨੋ ਦੇਵੀ ਮੰਦਰ ਵਿੱਚ ਮੱਥਾ ਟੇਕਿਆ। ਇਸ ਮੌਕੇ ਉਪ ਰਾਜਪਾਲ ਮਨੋਜ ਸਿਨਹਾ ਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ। ਮੰਦਰ ਦੀ ਫੇਰੀ ਤੋਂ ਪਹਿਲਾਂ ਸ਼ਾਹ ਨੇ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਮਹਾਨੌਮੀ ਦੇ ਤਿਓਹਾਰ ਦੀ ਵਧਾਈ ਵੀ ਦਿੱਤੀ।