ਸ੍ਰੀਨਗਰ, 22 ਜੂਨ
ਮੁੱਖ ਅੰਸ਼
- ਗੱਠਜੋੜ ਦੇ ਮੈਂਬਰਾਂ ਨਾਲ ਚਰਚਾ ਮਗਰੋਂ ਕੀਤਾ ਐਲਾਨ
- ਮੀਟਿੰਗ ਦੌਰਾਨ ਜੰਮੂ ਕਸ਼ਮੀਰ ਦਾ ਦਰਜਾ ਬਹਾਲ ਕਰਨ ਦਾ ਮੁੱਦਾ ਚੁੱਕੇਗੀ ਮਹਬਿੂਬਾ
ਗੁਪਕਾਰ ਗੱਠਜੋੜ (ਪੀਏਜੀਡੀ) ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਅੱਜ ਦੱਸਿਆ ਕਿ ਗੱਠਜੋੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਦਿੱਲੀ ’ਚ ਭਲਕੇ ਸੱਦੀ ਗਈ ਸਰਬ ਪਾਰਟੀ ਮੀਟਿੰਗ ’ਚ ਸ਼ਾਮਲ ਹੋਵੇਗਾ। ਇਹ ਐਲਾਨ ਇੱਥੇ ਅਬਦੁੱਲ੍ਹਾ ਨੇ ਗੁਪਕਾਰ ਰੋਡ ਸਥਿਤ ਰਿਹਾਇਸ਼ ’ਤੇ ਕੇਂਦਰ ਦੇ ਸੱਦੇ ਨੂੰ ਲੈ ਕੇ ਚਰਚਾ ਲਈ ਸੱਦੀ ਪੀਏਜੀਡੀ ਦੇ ਆਗੂਆਂ ਦੀ ਮੀਟਿੰਗ ਤੋਂ ਬਾਅਦ ਕੀਤਾ ਹੈ। ਗੱਠਜੋੜ ਦੇ ਹੋਰਨਾਂ ਆਗੂਆਂ ਨਾਲ ਹਾਜ਼ਰ ਅਬਦੁੱਲ੍ਹਾ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘ਸਾਨੂੰ ਪ੍ਰਧਾਨ ਮੰਤਰੀ ਦਾ ਸੱਦਾ ਮਿਲਿਆ ਹੈ ਅਤੇ ਅਸੀਂ ਮੀਟਿੰਗ ’ਚ ਸ਼ਾਮਲ ਹੋਵਾਂਗੇ।’ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਭਵਿੱਖ ’ਚ ਚੁੱਕੇ ਜਾਣ ਵਾਲੇ ਕਦਮਾਂ ’ਤੇ ਚਰਚਾ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ’ਚ ਜੰਮੂ ਕਸ਼ਮੀਰ ਦੇ 14 ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ। ਪੀਏਜੀਡੀ ਪ੍ਰਧਾਨ ਨੇ ਕਿਹਾ ਕਿ ਗੱਠਜੋੜ ਨੂੰ ਯਕੀਨ ਹੈ ਕਿ ਉਹ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਮਣੇ ਆਪਣਾ ਪੱਖ ਰੱਖਣ ਦੇ ਸਮਰੱਥ ਹੋਣਗੇ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਬਦੁੱਲ੍ਹਾ ਨੇ ਕਿਹਾ, ‘ਮੀਟਿੰਗ ਖਤਮ ਹੋਣ ਤੋਂ ਬਾਅਦ ਅਸੀਂ ਤੁਹਾਨੂੰ ਇੱਥੇ ਤੇ ਦਿੱਲੀ ’ਚ ਦੱਸਾਂਗੇ ਕਿ ਅਸੀਂ ਉੱਥੇ ਕੀ ਕੀਤਾ, ਅਸੀਂ ਕੀ ਕਿਹਾ ਅਤੇ ਉਨ੍ਹਾਂ ਦੀ ਪ੍ਰਤੀਕਿਰਿਆ ਕੀ ਸੀ।’ ਇਹ ਪੁੱਛੇ ਜਾਣ ’ਤੇ ਕਿ ਗੱਠਜੋੜ ਦਾ ਰੁਖ਼ ਕੀ ਹੋਵੇਗਾ, ਅਬਦੁੱਲ੍ਹਾ ਨੇ ਕਿਹਾ, ‘ਤੁਸੀਂ ਸਾਰੇ ਸਾਡੇ ਰੁਖ਼ ਬਾਰੇ ਜਾਣਦੇ ਹੋ ਅਤੇ ਇਸ ਨੂੰ ਦੁਹਰਾਉਣ ਦੀ ਲੋੜ ਨਹੀਂ ਹੈ। ਸਾਡਾ ਪਹਿਲਾਂ ਜੋ ਰੁਖ਼ ਸੀ, ਉਹ ਹੁਣ ਵੀ ਹੈ ਅਤੇ ਅੱਗੇ ਵੀ ਉਹੀ ਰਹੇਗਾ।’ ਪੀਏਜੀਡੀ ਨੇ ਸੁਪਰੀਮ ਕੋਰਟ ’ਚ ਇੱਕ ਪਟੀਸ਼ਨ ਦਾਇਰ ਕਰਕੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਮੁੜ ਬਹਾਲ ਕੀਤੇ ਜਾਣ ਅਤੇ ਇਸ ਨੂੰ ਮੁੜ ਰਾਜ ਬਣਾਏ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘ਮੈਂ, ਮਹਬਿੂਬਾ ਜੀ (ਪੀਡੀਪੀ ਮੁਖੀ), ਤਰੀਗਾਮੀ ਸਾਹਿਬ (ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਨੇਤਾ ਐੱਮਵਾਈ) ਅਤੇ ਸਾਡੇ ਉਹ ਸਾਰੇ ਲੋਕ ਜਾਣਗੇ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ।’
ਗੱਠਜੋੜ ਦੀ ਮੀਤ ਪ੍ਰਧਾਨ ਤੇ ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਆਪਣੀ ਪਾਰਟੀ ਦਾ ਰੁਖ਼ ਦੁਹਰਾਇਆ ਤੇ ਕਿਹਾ ਕਿ ਉਹ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕੀਤੇ ਜਾਣ ਅਤੇ ਉਸ ਨੂੰ ਮੁੜ ਰਾਜ ਬਣਾਏ ਜਾਣ ਲਈ ਦਬਾਅ ਪਾਉਣਗੇ। ਉਨ੍ਹਾਂ ਕਿਹਾ, ‘ਸਾਡੇ ਤੋਂ ਜੋ ਖੋਹਿਆ ਗਿਆ ਹੈ, ਅਸੀਂ ਉਸ ’ਤੇ ਗੱਲ ਕਰਾਂਗੇ ਕਿ ਇਹ ਇੱਕ ਗਲਤੀ ਸੀ, ਇਹ ਇੱਕ ਗੈਰਕਾਨੂੰਨੀ ਤੇ ਗੈਰਸੰਵਿਧਾਨਿਕ ਕਾਰਵਾਈ ਸੀ। ਇਸ ਨੂੰ ਬਹਾਲ ਕੀਤੇ ਬਿਨਾਂ, ਜੰਮੂ-ਕਸ਼ਮੀਰ ਦੀ ਸਮੱਸਿਆ ਦੂਰ ਨਹੀਂ ਹੋ ਸਕਦੀ, ਜੰਮੂ ਕਸ਼ਮੀਰ ਦੀ ਸਥਿਤੀ ਸੁਧਰ ਨਹੀਂ ਸਕਦੀ ਤੇ ਪੂਰੇ ਖੇਤਰ ’ਚ ਸ਼ਾਂਤੀ ਸਥਾਪਤ ਨਹੀਂ ਕੀਤੀ ਜਾ ਸਕਦੀ। ਪੀਏਜੀਡੀ ਦੇ ਬੁਲਾਰੇ ਤੇ ਸੀਪੀਐੱਮ ਆਗੂ ਤਰੀਗਾਮੀ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਾਲ ਮੀਟਿੰਗ ’ਚ ਜੰਮੂ ਕਸ਼ਮੀਰ ਦਾ ਰਾਜ ਵਜੋਂ ਦਰਜਾ ਬਹਾਲ ਕਰਨ ਦੀ ਮੰਗ ਕਰਨ ਦਾ ਸੰਕੇਤ ਦਿੱਤਾ। ਜੰਮੂ ਕਸ਼ਮੀਰ ਅਪਨੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਆਸੀ ਪਹੁੰਚ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਜੰਮੂ ਕਸ਼ਮੀਰ ਇਕਾਈ ਨੇ ਦਿੱਲੀ ’ਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਣ ਵਾਲੀ ਸਰਬ ਪਾਰਟੀ ਮੀਟਿੰਗ ਲਈ ਪਾਰਟੀ ਨੂੰ ਸੱਦਾ ਨਾ ਦਿੱਤੇ ਜਾਣ ’ਤੇ ਅੱਜ ਨਾਰਾਜ਼ਗੀ ਜ਼ਾਹਿਰ ਕੀਤੀ ਹੈ। -ਪੀਟੀਆਈ
ਜੰਮੂ ਕਸ਼ਮੀਰ ਨਾਲ ਸਬੰਧਤ ਮੀਟਿੰਗ ’ਚ ਸ਼ਾਮਲ ਹੋਵੇਗੀ ਕਾਂਗਰਸ
ਜੰਮੂ: ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਦੇ ਬੁਲਾਰੇ ਰਵਿੰਦਰ ਸ਼ਰਮਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 24 ਜੂਨ ਨੂੰ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਲੈ ਕੇ ਸੱਦੀ ਮੀਟਿੰਗ ’ਚ ਕਾਂਗਰਸ ਸ਼ਾਮਲ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਹੋਈ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ’ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ, ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ, ਕਰਨ ਸਿੰਘ, ਜੰਮੂ ਕਸ਼ਮੀਰ ਦੇ ਇੰਚਾਰਜ ਰਜਨੀ ਪਾਟਿਲ ਤੇ ਜੰਮੂ ਕਸ਼ਮੀਰ ਕਾਂਗਰਸ ਦੇ ਪ੍ਰਧਾਨ ਗੁਲਾਮ ਅਹਿਮਦ ਮੀਰ ਤੇ ਤਾਰਿਕ ਹਮੀਦ ਕਾਰਾ ਹਾਜ਼ਰ ਸਨ। -ਪੀਟੀਆਈ