ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਜੂਨ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਨੇ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਵਿਚ ਗੁਰੂ ਅਰਜਨ ਦੇਵ ਜੀ ਦਾ 415ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ। ਸਮਾਗਮ ਵਿਚ ਪਾਕਿਸਤਾਨ ਦੇ ਦੂਰ-ਦਰਾਜ ਇਲਾਕਿਆਂ ਤੋਂ ਵੀ ਸਿੱਖ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰਦੁਆਰੇ ਨੇੜੇ ਠੰਢੇ-ਮਿੱਠੇ ਜਲ ਦੀ ਛਬੀਲ ਵੀ ਲਾਈ ਗਈ। ਪੀਐੱਸਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਗੁਰਦੁਆਰਾ ਡੇਹਰਾ ਸਾਹਿਬ ਵਿਚ 14 ਜੂਨ ਨੂੰ ਰੱਖੇ ਗਏ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਸ਼ਹੀਦੀ ਸਮਾਗਮ ਵਿਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ (ਸੰਸਦ ਮੈਂਬਰ) ਰਾਏ ਅਜ਼ੀਜ਼ ਉੱਲਾ ਖਾਨ, ਸਾਈਂ ਮੀਆਂ ਮੀਰ ਦੇ ਗੱਦੀਨਸ਼ੀਨ ਸਾਈਂ ਅਲੀ ਰਜ਼ਾ ਕਾਦਰੀ ਅਤੇ ਰੁਆਤ ਏ ਹਲਾਲ ਕਮੇਟੀ ਦੇ ਚੇਅਰਮੈਨ ਮੌਲਾਨਾ ਅਬਦੁੱਲ ਖਬੀਰ ਅਜ਼ਾਦ ਪ੍ਰਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਪੀਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਅਤੇ ਮੌਜੂਦਾ ਜਨਰਲ ਸਕੱਤਰ ਅਮੀਰ ਸਿੰਘ ਸਮੇਤ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ। ਕਰੋਨਾ ਕਾਰਨ ਭਾਵੇਂ ਭਾਰਤ ਅਤੇ ਹੋਰ ਮੁਲਕਾਂ ਦੇ ਸ਼ਰਧਾਲੂਆਂ ਨੂੰ ਪਾਕਿਸਤਾਨ ਆਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ।
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਉੱਤੇ ਵੀ ਪਾਕਿਸਤਾਨ ਨਹੀਂ ਜਾ ਸਕੇਗਾ ਜਥਾ
ਅੰਮ੍ਰਿਤਸਰ: ਕਰੋਨਾ ਮਹਾਮਾਰੀ ਦੇ ਚਲਦਿਆਂ ਹੁਣ ਪਾਕਿਸਤਾਨ ਸਰਕਾਰ ਵਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਵੀ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ। ਇਸ ਮੌਕੇ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਨਹੀਂ ਜਾ ਸਕੇਗਾ। ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਦੇ ਅਧਿਕਾਰੀਆਂ ਦੀ ਇਸ ਸਬੰਧ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰ੍ਰਧਾਨ ਸਤਵੰਤ ਸਿੰਘ ਨਾਲ ਟੈਲੀਫੋਨ ’ਤੇ ਗੱਲਬਾਤ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਪਾਕਿਸਤਾਨ ਸਰਕਾਰ ਵੱਲੋਂ ਕਰੋਨਾ ਕਾਰਨ ਆਗਿਆ ਨਹੀਂ ਦਿੱਤੀ ਗਈ ਹੈ। ਜਥਾ 21 ਜੂਨ ਨੂੰ ਪਾਕਿਸਤਾਨ ਜਾਣਾ ਸੀ, ਜਿਸ ਨੇ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਉਪਰੰਤ 30 ਜੂਨ ਨੂੰ ਵਾਪਸ ਮੁਲਕ ਪਰਤਣਾ ਸੀ।