ਨਵੀਂ ਦਿੱਲੀ: ਉੱਘੇ ਉਰਦੂ ਸ਼ਾਇਰ ਗੁਲਜ਼ਾਰ ਅਤੇ ਸੰਸਕ੍ਰਿਤ ਵਿਦਵਾਨ ਰਾਮਭੱਦਰਾਚਾਰਿਆ ਨੂੰ 58ਵੇਂ ਗਿਆਨਪੀਠ ਐਵਾਰਡ ਲਈ ਚੁਣਿਆ ਗਿਆ ਹੈ। ਗਿਆਨਪੀਠ ਚੋਣ ਕਮੇਟੀ ਨੇ ਅੱਜ ਇਹ ਐਲਾਨ ਕੀਤਾ। ਗੁਲਜ਼ਾਰ ਹਿੰਦੀ ਸਿਨੇਮਾ ’ਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ ਅਤੇ ਮੌਜੂਦਾ ਸਮੇਂ ਦੇ ਸਰਵੋਤਮ ਸ਼ਾਇਰਾਂ ’ਚ ਸ਼ੁਮਾਰ ਹਨ। ਇਸ ਤੋਂ ਪਹਿਲਾਂ ਗੁਲਜ਼ਾਰ ਨੂੰ ਸਾਹਿਤ ਅਕਾਦਮੀ ਐਵਾਰਡ, ਦਾਦਾ ਸਾਹਿਬ ਫਾਲਕੇ ਐਵਾਰਡ, ਪਦਮ ਭੂਸ਼ਣ ਅਤੇ ਘੱਟੋ-ਘੱਟ ਪੰਜ ਕੌਮੀ ਫ਼ਿਲਮ ਐਵਾਰਡ ਮਿਲ ਚੁੱਕੇ ਹਨ। ਜਦਕਿ ਚਿਤਰਕੂਟ ਵਿੱਚ ਤੁਲਸੀ ਪੀਠ ਦੇ ਸੰਸਥਾਪਕ ਅਤੇ ਮੁਖੀ ਰਾਮਭੱਦਰਾਚਾਰਿਆ ਪ੍ਰਸਿੱਧ ਹਿੰਦੂ ਅਧਿਆਤਮਕ ਨੇਤਾ ਤੇ ਵਿਦਵਾਨ ਹਨ ਜਿਨ੍ਹਾਂ ਨੇ 100 ਤੋਂ ਵੱਧ ਕਿਤਾਬਾਂ ਵੀ ਲਿਖੀਆਂ ਹਨ। ਗਿਆਨਪੀਠ ਚੋਣ ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਇਹ ਐਵਾਰਡ (2023 ਲਈ) ਦੋ ਭਾਸ਼ਾਵਾਂ ਦੇ ਵੱਕਾਰੀ ਲੇਖਕਾਂ ਸੰਸਕ੍ਰਿਤ ਸਾਹਿਤਕਾਰ ਜਗਦਗੁਰੂ ਰਾਮਭੱਦਰਾਚਾਰਿਆ ਅਤੇ ਪ੍ਰਸਿੱਧ ਉਰਦੂ ਸ਼ਾਇਰ ਗੁਲਜ਼ਾਰ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।’’ ਇਸੇ ਦੌਰਾਨ ਸਾਲ 2022 ਲਈ ਇਹ ਐਵਾਰਡ ਗੋਆ ਦੇ ਲੇਖਕ ਦਾਮੋਦਰ ਮੌਜ਼ੋ ਨੂੰ ਦਿੱਤਾ ਗਿਆ। -ਪੀਟੀਆਈ