ਪ੍ਰਯਾਗਰਾਜ: ਅਲਾਹਾਬਾਦ ਹਾਈ ਕੋਰਟ ਨੇ ਵਾਰਾਨਸੀ ਜ਼ਿਲ੍ਹਾ ਅਦਾਲਤ ਵੱਲੋਂ ਗਿਆਨਵਾਪੀ ਮਸਜਿਦ ਦੇ ਤਹਿਖਾਨੇ ’ਚ ਪੂਜਾ ਕਰਨ ਦੀ ਦਿੱਤੀ ਆਗਿਆ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਉਧਰ ਵਾਰਾਣਸੀ ਅਦਾਲਤ ਨੇ ਤਹਿਖਾਨੇ ’ਚ ਪੂਜਾ ਖ਼ਿਲਾਫ਼ ਦਾਖ਼ਲ ਗਿਆਨਵਾਪੀ ਮਸਜਿਦ ਕਮੇਟੀ ਦੀ ਅਰਜ਼ੀ ’ਤੇ 28 ਫਰਵਰੀ ਨੂੰ ਸੁਣਵਾਈ ਨਿਰਧਾਰਿਤ ਕੀਤੀ ਹੈ। ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਅੰਜੂਮਨ ਇੰਤਜ਼ਾਮੀਆ ਮਸਜਿਦ ਕਮੇਟੀ ਵੱਲੋਂ ਦਾਖ਼ਲ ਅਪੀਲ ’ਤੇ ਸੁਣਵਾਈ ਕਰਦਿਆਂ ਫ਼ੈਸਲਾ ਰਾਖਵਾਂ ਰੱਖ ਲਿਆ। ਕਮੇਟੀ ਦੇ ਵਕੀਲ ਐੱਸ ਐੱਫ ਏ ਨਕਵੀ ਨੇ ਕਿਹਾ,‘‘ਮਾਮਲੇ ’ਤੇ ਸੁਣਵਾਈ ਮੁਕੰਮਲ ਹੋ ਗਈ ਹੈ ਅਤੇ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ।’’ ਸੁਪਰੀਮ ਕੋਰਟ ਵੱਲੋਂ ਕਮੇਟੀ ਨੂੰ ਹਾਈ ਕੋਰਟ ਜਾਣ ਦੀ ਸਲਾਹ ਦੇਣ ਮਗਰੋਂ ਉਨ੍ਹਾਂ 2 ਫਰਵਰੀ ਨੂੰ ਪਟੀਸ਼ਨ ਦਾਖ਼ਲ ਕੀਤੀ ਸੀ। ਵਾਰਾਣਸੀ ਜ਼ਿਲ੍ਹਾ ਅਦਾਲਤ ਨੇ 31 ਜਨਵਰੀ ਨੂੰ ਹੁਕਮ ਦਿੱਤਾ ਸੀ ਕਿ ਗਿਆਨਵਾਪੀ ਮਸਜਿਦ ਦੇ ਦੱਖਣੀ ਤਹਿਖਾਨੇ ’ਚ ਪੁਜਾਰੀ ਪੂਜਾ ਕਰ ਸਕਦਾ ਹੈ। -ਪੀਟੀਆਈ