ਨਵੀਂ ਦਿੱਲੀ: ਟਵਿੱਟਰ ਨੇ ਅੱਜ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੱਜੀ ਵੈੱਬਸਾਈਟ ਨਾਲ ਜੁੜਿਆ ਟਵਿੱਟਰ ਖ਼ਾਤਾ ਹੈਕ ਹੋ ਗਿਆ ਸੀ ਅਤੇ ਇਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ।ਟਵਿੱਟਰ ਦੇ ਇੱਕ ਤਰਜਮਾਨ ਨੇ ਈਮੇਲ ਰਾਹੀਂ ਜਾਰੀ ਬਿਆਨ ’ਚ ਕਿਹਾ, ‘ਅਸੀ ਇਸ ਸਰਗਰਮੀ ਤੋਂ ਜਾਣੂ ਸੀ ਅਤੇ ਖਾਤੇ ਨੂੰ ਸੁਰੱਖਿਅਤ ਬਣਾਊਣ ਲਈ ਕਦਮ ਚੁੱਕੇ ਗਏ ਹਨ। ਅਸੀਂ ਸਰਗਰਮੀ ਨਾਲ ਸਥਿਤੀ ਦੀ ਜਾਂਚ ਕਰ ਰਹੇ ਹਾਂ। ਸਾਨੂੰ ਹੋਰ ਖ਼ਾਤਿਆਂ ਦੇ ਪ੍ਰਭਾਵਿਤ ਹੋਣ ਦੀ ਜਾਣਕਾਰੀ ਨਹੀਂ ਹੈ। ਆਪਣੇ ਖ਼ਾਤੇ ਨੂੰ ਸੁਰੱਖਿਅਤ ਰੱਖਣ ਲਈ ਇੱਥੋਂ ਸਲਾਹ ਲਈ ਜਾ ਸਕਦੀ ਹੈ।’ ਪ੍ਰਧਾਨ ਮੰਤਰੀ ਦੇ ਇਸ ਖ਼ਾਤੇ ’ਤੇ ਲੱਗਪਗ 25 ਲੱਖ ਫਾਲੋਅਰਜ਼ ਹਨ। ਟਵਿੱਟਰ ਖ਼ਾਤੇ ’ਤੇ ਹੈਕਿੰਗ ਮਗਰੋਂ ਸਾਈਬਰ ਅਪਰਾਧੀ ਵੱਲੋਂ ਕ੍ਰਿਪਟੋ ਕਰੰਸੀ ਵਰਤਦਿਆਂ ਪੀਐੱਮ ਨੈਸ਼ਨਲ ਰਿਲੀਫ਼ ਫੰਡ ਫਾਰ ਕੋਵਿਡ-19 ’ਚ ਡੋਨੇਸ਼ਨ ਲਈ ਪੋਸਟਾਂ ਭੇਜੀਆਂ ਗਈਆਂ। ਟਵਿੱਟਰ ਨੇ ਅੱਜ ਇਹ ਵੀ ਕਿਹਾ ਕਿ ਊਸਦੀ ਜਾਂਚ ਮੁਤਾਬਕ ਤਾਜ਼ਾ ਹਮਲਾ ਟਵਿੱਟਰ ਦੀ ਸਰਵਿਸ ਪ੍ਰਣਾਲੀ ਨਾਲ ਕੋਈ ਸਮਝੌਤਾ ਨਹੀਂ ਸੀ। -ਪੀਟੀਆਈ